ਅਮਰੀਕੀ ਫੌਜ ਨੇ 12 ਸਾਲਾਂ ਬਾਅਦ ਛੱਡਿਆ ਸੀਰੀਆ, ਜਾਰਡਨ ਪਰਤ ਰਹੇ ਫੌਜੀ

Saturday, Apr 18, 2026 - 03:36 AM (IST)

ਅਮਰੀਕੀ ਫੌਜ ਨੇ 12 ਸਾਲਾਂ ਬਾਅਦ ਛੱਡਿਆ ਸੀਰੀਆ, ਜਾਰਡਨ ਪਰਤ ਰਹੇ ਫੌਜੀ

ਦਮਿਸ਼ਕ – ਤਕਰੀਬਨ 12 ਸਾਲਾਂ ਦੀ ਫੌਜੀ ਮੌਜੂਦਗੀ ਤੋਂ ਬਾਅਦ ਅਮਰੀਕਾ ਨੇ ਸੀਰੀਆ ’ਚੋਂ ਆਪਣੇ ਸਾਰੇ ਫੌਜੀ ਕੱਢ ਲਏ ਹਨ ਅਤੇ ਫੌਜੀ ਟਿਕਾਣੇ ਵੀ ਖਾਲੀ ਕਰ ਦਿੱਤੇ ਹਨ। ਅਪ੍ਰੈਲ 2026 ਵਿਚ ਹਸਾਕਾ ਦੇ ਕਸਰਾਕ ਏਅਰਬੇਸ ਤੋਂ ਆਖਰੀ ਅਮਰੀਕੀ ਕਾਫਲਾ ਨਿਕਲ ਗਿਆ। ਇਸ ਤੋਂ ਬਾਅਦ ਸੀਰੀਆਈ ਸਰਕਾਰ ਨੇ ਸਾਰੇ ਬੇਸ ਆਪਣੇ ਕਬਜ਼ੇ ਵਿਚ ਲੈ ਲਏ ਹਨ।

ਸੀਰੀਆਈ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਕਦਮ ਦੇਸ਼ ਨੂੰ ਇਕਜੁੱਟ ਕਰਨ ਅਤੇ ਪੂਰੇ ਇਲਾਕੇ ’ਤੇ ਸਰਕਾਰ ਦਾ ਕੰਟਰੋਲ ਸਥਾਪਿਤ ਕਰਨ ਦੀ ਦਿਸ਼ਾ ਵਿਚ ਇਕ ਵੱਡਾ ਮੋੜ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਪੁਸ਼ਟੀ ਕੀਤੀ ਹੈ ਕਿ ਤਕਰੀਬਨ 2000 ਫੌਜੀ ਜਾਰਡਨ ਜਾ ਰਹੇ ਹਨ। ਅਮਰੀਕਾ ਨੇ ਹਸਾਕਾ, ਰੁਮੈਲਾਨ ਅਤੇ ਦੇਇਰ ਏਜ਼-ਜ਼ੋਰ ਵਿਚ ਮੌਜੂਦ ਘੱਟੋ-ਘੱਟ 7 ਵੱਡੇ ਟਿਕਾਣੇ ਖਾਲੀ ਕੀਤੇ ਹਨ। ਆਖਰੀ ਟਿਕਾਣਾ ਕਸਰਾਕ ਏਅਰਬੇਸ ਸੀ, ਜਿਸ ’ਤੇ ਹੁਣ ਸੀਰੀਆਈ ਫੌਜ ਦਾ ਕੰਟਰੋਲ ਹੈ।

ਸੀਰੀਆਈ ਸਰਕਾਰ ਅਤੇ ਐੱਸ. ਡੀ. ਐੱਫ. ਵਿਚਾਲੇ ਸਮਝੌਤਾ
ਇਸ ਦੌਰਾਨ ਸੀਰੀਆ ਸਰਕਾਰ ਅਤੇ ਐੱਸ. ਡੀ. ਐੱਫ. ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਕੁਰਦ ਲੜਾਕਿਆਂ ਨੂੰ ਰਾਸ਼ਟਰੀ ਫੌਜ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਹਸਾਕਾ ਅਤੇ ਕਾਮਿਸ਼ਲੀ ਵਰਗੇ ਸ਼ਹਿਰਾਂ ਵਿਚ ਸਰਕਾਰੀ ਫੋਰਸ ਤਾਇਨਾਤ ਹੋ ਚੁੱਕੀ ਹੈ ਅਤੇ ਸਰਹੱਦੀ ਇਲਾਕਿਆਂ ’ਤੇ ਵੀ ਦਮਿਸ਼ਕ ਦਾ ਕੰਟਰੋਲ ਵਧ ਗਿਆ ਹੈ।

ਇਸੇ ਸਾਲ ਦੋਵਾਂ ਧਿਰਾਂ ਵਿਚਕਾਰ ਝੜਪਾਂ ਵੀ ਹੋਈਆਂ ਸਨ, ਜਿਸ ਤੋਂ ਬਾਅਦ ਮਾਰਚ ਵਿਚ ਇਕ ਨਵਾਂ ਸਮਝੌਤਾ ਹੋਇਆ। ਇਸ ਦੇ ਤਹਿਤ ਐੱਸ. ਡੀ. ਐੱਫ. ਅਤੇ ਕੁਰਦ ਪ੍ਰਬੰਧਕੀ ਢਾਂਚੇ ਨੂੰ ਹੌਲੀ-ਹੌਲੀ ਰਾਜ ਵਿਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ।

ਸੀਰੀਆ ਨੇ ਹਾਲ ਹੀ ਵਿਚ ਅੰਤਰਰਾਸ਼ਟਰੀ ਐਂਟੀ-ਆਈ. ਐੱਸ. ਆਈ. ਐੱਲ. ਗੱਠਜੋੜ ਵਿਚ ਸ਼ਾਮਲ ਹੋ ਕੇ ਆਪਣੀ ਭੂਮਿਕਾ ਬਦਲੀ ਹੈ। ਇਸ ਨਾਲ ਅਮਰੀਕਾ ਲਈ ਸੀਰੀਆ ਵਿਚ ਫੌਜੀ ਮੌਜੂਦਗੀ ਦਾ ਆਧਾਰ ਕਮਜ਼ੋਰ ਹੋਇਆ ਅਤੇ ਹੁਣ ਉਹ ਇਲਾਕੇ ਵਿਚ ਆਪਣੀ ਰਣਨੀਤੀ ਨੂੰ ਨਵੇਂ ਸਿਰੇ ਤੋਂ ਤੈਅ ਕਰ ਰਿਹਾ ਹੈ।


author

Inder Prajapati

Content Editor

Related News