US ਸੈਨੇਟਰਾਂ ਨੇ 2022 ਸ਼ੀਤਕਾਲੀਨ ਓਲੰਪਿਕ ਵਿੰਟਰ ਖੇਡਾਂ ਚੀਨ ਤੋਂ ਬਾਹਰ ਕਰਾਉਣ ਦੀ ਕੀਤੀ ਮੰਗ
Wednesday, Sep 09, 2020 - 04:27 PM (IST)

ਵਾਸ਼ਿੰਗਟਨ : ਯੂ.ਐੱਸ. ਸੈਨੇਟਰ ਟੌਡ ਯੰਗ ਅਤੇ ਮਾਈਕ ਬ੍ਰਾਊਨ ਨੇ ਸੋਮਵਾਰ ਨੂੰ ਇਕ ਦੋ-ਪੱਖੀ ਸਮੂਹ ਵਿਚ ਸ਼ਾਮਲ ਹੋ ਕੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 2022 ਸ਼ੀਤਕਾਲੀਨ ਓਲੰਪਿਕ ਨੂੰ ਚੀਨ ਤੋਂ ਬਾਹਰ ਕਿਸੇ ਹੋਰ ਦੇਸ਼ ਵਿਚ ਕਰਾਉਣ ਦੀ ਮੰਗ ਕੀਤੀ ਹੈ। ਸੈਨੇਟਰ ਯੰਗ ਨੇ ਕਿਹਾ ਪੀਪਲਜ਼ ਰੀਪਬਲਿਕ ਆਫ ਚਾਈਨਾ ਇਕ ਕਮਿਊਨਿਸਟ ਰਾਜ ਹੈ ਅਤੇ 2022 ਦੀਆਂ ਉਲੰਪਿਕ ਵਿੰਟਰ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇਜਾਜ਼ਤ ਦੇ ਕੇ ਮਾੜੇ ਵਤੀਰੇ ਨੂੰ ਇਨਾਮ ਦੇਣਾ ਅਪਰਾਧਕ ਹੈ। ਮੌਜੂਦਾ ਸਮੇਂ ਵਿਚ ਚੀਨ ਵਿਚ ਲੱਖਾਂ ਊਈਗਰ ਮੁਸਲਮਾਨ ਉਨ੍ਹਾਂ ਦੀ ਇੱਛਾ ਵਿਰੁੱਧ ਗੁਪਤ ਪੁਨਰ ਸਿਖਲਾਈ ਕੈਂਪਾਂ ਵਿਚ ਲਗਾਏ ਜਾ ਰਹੇ ਹਨ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੱਖਾਂ ਊਈਗਲ ਮੁਸਲਮਾਨ ਬੀਬੀਆਂ ਦਾ ਗਰਭਪਾਤ ਕਰਾਇਆ ਗਿਆ ਹੈ ਅਤੇ ਪੁਲਸ ਹਾਂਗਕਾਂਗ ਵਿਚ ਆਪਣੀ ਤਾਕਤ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਇਨ੍ਹਾਂ ਅਤੇ ਹੋਰ ਚੱਲ ਰਹੇ ਦੁਰਵਿਹਾਰਾਂ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ ਚੀਨ ਵਿਚ 2022 ਦੀਆਂ ਖੇਡਾਂ ਲਈ ਯੋਜਨਾਵਾਂ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਇਕ ਨਵੇਂ ਮੇਜਬਾਨ ਦੇਸ਼ ਦੀ ਭਾਲ ਕਰਨੀ ਚਾਹੀਦੀ ਹੈ, ਜੋ ਮਨੁੱਖੀ ਅਧਿਕਾਰਾਂ ਦਾ ਸਨਮਾਨ ਅਤੇ ਰੱਖਿਆ ਕਰਦਾ ਹੈ।'
ਸੈਨੇਟਰ ਬ੍ਰਾਊਨ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਕਰਕੇ ਚੀਨੀ ਕਮਿਊਨਿਸਟ ਪਾਰਟੀ'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ ਅਤੇ 2022 ਉਲੰਪਿਕ ਦੀ ਮੇਜਬਾਨੀ ਕਰਨਾ ਉਨ੍ਹਾਂ ਲਈ ਗਲਤ ਹੈ।' ਇਸ ਪ੍ਰਸਤਾਵ ਨੂੰ ਸੈਨੇਟਰ ਰਿਕ ਸਕਾਟ, ਐਡ ਮਾਰਕੇ, ਜਿਮ ਇਨਹੋਫੇ, ਡਿਕ ਡਰਬਿਨ, ਮਾਰਥਂ ਮੈਕਸਲੀ ਆਦਿ ਸਪਾਂਸਰ ਕਰ ਰਹੇ ਸਨ। ਦਸੰਬਰ 'ਚ ਸੈਨੇਟਰ ਯੰਗ ਨੇ ਇਕ ਪੱਤਰ ਲਿਖਿਆ ਜਿਸ ਵਿਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੂੰ ਬੇਨਤੀ ਕੀਤੀ ਗਈ ਕਿ ਉਹ ਚੀਨ ਨੂੰ ਜਵਾਬਦੇਹ ਠਹਿਰਾਏ ਅਤੇ ਬੀਜਿੰਗ 'ਚ 2022 ਦੀਆਂ ਓਲੰਪਿਕ ਵਿੰਟਰ ਖੇਡਾਂ ਲਈ ਸਮੇਂ ਸਿਰ ਆਪਣੀਆਂ ਮੇਜ਼ਬਾਨ ਸਿਟੀ ਕੰਟਰੈਕਟ ਸ਼ਰਤਾਂ ਨੂੰ ਲਾਗੂ ਕਰੇ।