ਮਾਣ ਵਾਲੀ ਗੱਲ, ਰਵੀ ਚੌਧਰੀ ਬਣੇ ਅਮਰੀਕੀ ਹਵਾਈ ਫ਼ੌਜ ਦੇ ਸਹਾਇਕ ਰੱਖਿਆ ਮੰਤਰੀ
Thursday, Mar 16, 2023 - 03:15 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਸੈਨੇਟ ਨੇ ਹਵਾਈ ਫ਼ੌਜ ਦੇ ਸਹਾਇਕ ਰੱਖਿਆ ਮੰਤਰੀ ਦੇ ਅਹੁਦੇ ਲਈ ਭਾਰਤੀ-ਅਮਰੀਕੀ ਰਵੀ ਚੌਧਰੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਅਹੁਦਾ ਅਮਰੀਕੀ ਰੱਖਿਆ ਮੰਤਰਾਲਾ ਦੇ ਮੁੱਖ ਦਫ਼ਤਰ ਪੈਂਟਾਗਨ ਵਿੱਚ ਉੱਚ ਅਹੁਦਿਆਂ ਵਿੱਚੋਂ ਇੱਕ ਹੈ। ਸੈਨੇਟ ਨੇ ਬੁੱਧਵਾਰ ਨੂੰ 29 ਦੇ ਮੁਕਾਬਲੇ 65 ਵੋਟਾਂ ਨਾਲ ਸਾਬਕਾ ਹਵਾਈ ਫ਼ੌਜ ਦੇ ਅਧਿਕਾਰੀ ਚੌਧਰੀ ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ। ਇਨ੍ਹਾਂ 65 ਵੋਟਾਂ ਵਿੱਚ ਵਿਰੋਧੀ ਰਿਪਬਲਿਕਨ ਪਾਰਟੀ ਦੀਆਂ 12 ਤੋਂ ਵੱਧ ਵੋਟਾਂ ਸ਼ਾਮਲ ਹਨ।
ਚੌਧਰੀ ਨੇ ਇਸ ਤੋਂ ਪਹਿਲਾਂ ਯੂ.ਐੱਸ. ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਵਿੱਚ ਇੱਕ ਸੀਨੀਅਰ ਕਾਰਜਕਾਰੀ ਵਜੋਂ ਸੇਵਾ ਦੇ ਚੁੱਕੇ ਹਨ, ਜਿੱਥੇ ਉਹ ਫੈਡਰਲ ਏਵੀਏਸ਼ਨ ਅਥਾਰਟੀ (ਐੱਫ.ਏ.ਏ.) ਵਿੱਚ ਆਫਿਸ ਆਫ ਕਮਰਸ਼ੀਅਲ ਸਪੇਸ ਦੇ ਐਡਵਾਂਸਡ ਪ੍ਰੋਗਰਾਮ ਐਂਡ ਇਨੋਵੇਸ਼ਨ ਦੇ ਡਾਇਰੈਕਟਰ ਸਨ। ਉਹ FAA ਦੇ ਵਪਾਰਕ ਪੁਲਾੜ ਆਵਾਜਾਈ ਮਿਸ਼ਨ ਦੇ ਉੱਨਤ ਵਿਕਾਸ ਅਤੇ ਖੋਜ ਪ੍ਰੋਗਰਾਮਾਂ ਦੀ ਨਿਗਰਾਨੀ ਕਰਦੇ ਸਨ। ਅਮਰੀਕੀ ਹਵਾਈ ਫ਼ੌਜ ਵਿੱਚ 1993 ਤੋਂ 2015 ਤੱਕ ਆਪਣੀ ਸੇਵਾ ਦੌਰਾਨ ਚੌਧਰੀ ਨੇ ਕਈ ਤਰ੍ਹਾਂ ਦੇ ਅਭਿਆਨਾਂ ਨੂੰ ਪੂਰਾ ਕੀਤਾ।
ਇਹ ਵੀ ਪੜ੍ਹੋ: ਭੂਚਾਲ ਮਗਰੋਂ ਤੁਰਕੀ 'ਚ ਆਈ ਇਕ ਹੋਰ ਕੁਦਰਤੀ ਆਫ਼ਤ ਨੇ ਮਚਾਈ ਤਬਾਹੀ, 14 ਲੋਕਾਂ ਦੀ ਮੌਤ, ਹਜ਼ਾਰਾਂ ਬੇਘਰ
C-17 ਦੇ ਪਾਇਲਟ ਵਜੋਂ, ਉਨ੍ਹਾਂ ਨੇ ਅਫਗਾਨਿਸਤਾਨ ਅਤੇ ਇਰਾਕ ਵਿੱਚ ਕਈ ਲੜਾਈ ਅਭਿਆਨਾਂ ਸਮੇਤ ਗਲੋਬਲ ਅਭਿਆਨਾਂ ਨੂੰ ਅੰਜਾਮ ਦਿੱਤਾ। ਨਾਲ ਹੀ ਉਹ ਇਰਾਕ ਵਿੱਚ ਮਲਟੀ-ਨੈਸ਼ਨਲ ਕੋਰ ਵਿੱਚ ਪਰਸੋਨਲ 'ਰਿਕਵਰੀ ਸੈਂਟਰ' ਦੇ ਡਾਇਰੈਕਟਰ ਵਜੋਂ ਵੀ ਤਾਇਨਾਤ ਰਹੇ। ਚੌਧਰੀ ਨੇ ਕਾਰਜਕਾਰੀ ਲੀਡਰਸ਼ਿਪ ਅਤੇ ਇਨੋਵੇਸ਼ਨ ਵਿੱਚ ਵਿਸ਼ੇਸ਼ ਤੌਰ 'ਤੇ ਜੌਰਜਟਾਊਨ ਯੂਨੀਵਰਸਿਟੀ DLS ਤੋਂ ਡਾਕਟਰੇਟ ਕੀਤੀ ਹੈ। ਉਨ੍ਹਾਂ ਨੇ ਫੈਡਰਲ ਕਾਰਜਕਾਰੀ ਸੰਸਥਾ ਤੋਂ ਗ੍ਰੈਜੂਏਟ ਕੀਤੀ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।