ਅਮਰੀਕਾ ਨੇ ਤਾਲਿਬਾਨ ਸਰਦਾਰ ''ਤੇ ਰੱਖਿਆ 32 ਕਰੋੜ ਦਾ ਇਨਾਮ
Friday, Mar 09, 2018 - 10:33 AM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਨੇ ਅੱਤਵਾਦ ਦੇ ਖਾਤਮੇ ਵਿਰੁੱਧ ਇਕ ਨਵਾਂ ਕਦਮ ਚੁੱਕਿਆ ਹੈ। ਹੁਣ ਅਮਰੀਕਾ ਨੇ ਪਾਕਿਸਤਾਨੀ ਤਾਲਿਬਾਨ ਦੇ ਸਰਦਾਰ ਮੁੱਲਾ ਫਜ਼ਲੁੱਲਾ ਦੇ ਬਾਰੇ ਵਿਚ ਜਾਣਕਾਰੀ ਦੇਣ ਲਈ 32 ਕਰੋੜ ਰੁਪਏ ਦਾ ਇਨਾਮ ਰੱਖਿਆ ਹੈ। ਮੁੱਲਾ ਉਹੀ ਵਿਅਕਤੀ ਹੈ, ਜਿਸ ਦੇ ਸਾਥੀਆਂ ਨੇ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੁਸੂਫਜ਼ਈ ਨੂੰ ਗੋਲੀਆਂ ਮਾਰੀਆਂ ਸਨ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੁੱਲਾ ਫਜ਼ਲੁੱਲਾ ਦੇ ਇਲਾਵਾ ਅਬਦੁੱਲ ਵਲੀ ਅਤੇ ਮੰਗਲ ਬਾਘ ਦੇ ਬਾਰੇ ਵਿਚ ਜਾਣਕਾਰੀ ਦੇਣ ਵਾਲੇ ਨੂੰ 30-30 ਲੱਖ ਅਮਰੀਕੀ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਅਮਰੀਕਾ ਵੱਲੋਂ ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ, ਜਦੋਂ ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਮੀਨਾ ਜੰਜੂਆ ਦੋ ਦਿਨ ਦੀ ਯਾਤਰਾ 'ਤੇ ਵਾਸ਼ਿੰਗਨਟ ਵਿਚ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਤਿੰਨ ਅੱਤਵਾਦੀਆਂ ਦੀ ਜਾਣਕਾਰੀ ਦੇਣ ਲਈ ਇਨਾਮ ਦਾ ਐਲਾਨ ਇਸ ਲਈ ਕੀਤਾ ਹੈ ਕਿਉਂਕਿ ਇਹ ਪਾਕਿਸਤਾਨ ਦੇ ਨਾਲ-ਨਾਲ ਅਫਗਾਨਿਸਤਾਨ ਵਿਚ ਅਮਰੀਕੀ ਗਠਜੋੜ ਫੌਜ ਲਈ ਖਤਰਾ ਹਨ। ਗੌਰਤਲਬ ਹੈ ਕਿ ਅਮਰੀਕਾ ਨੇ ਜਨਵਰੀ ਵਿਚ ਪਾਕਿਸਤਾਨ ਦੇ ਅਫਗਾਨ-ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਜਿਹੇ ਅੱਤਵਾਦੀ ਸੰਗਠਨਾਂ 'ਤੇ ਕਾਰਵਾਈ ਕਰਨ ਅਤੇ ਆਪਣੀ ਧਰਤੀ 'ਤੇ ਉਸ ਦੀ ਪਨਾਹਾਗਾਹ ਨੂੰ ਨਸ਼ਟ ਕਰਨ ਵਿਚ ਅਸਫਲ ਰਹਿਣ 'ਤੇ ਉਸ ਦੀ ਦੋ ਅਰਬ ਡਾਲਰ ਦੀ ਸੁਰੱਖਿਆ ਮਦਦ ਰੋਕ ਦਿੱਤੀ ਸੀ।