ਅਮਰੀਕੀ ਨੌ-ਸੈਨਾ ਦਾ ਜਹਾਜ਼ੀ ਹਸਪਤਾਲ ਪਹੁੰਚਿਆ ਨਿਊਯਾਰਕ ਦੀ ਬੰਦਰਗਾਹ ''ਤੇ
Tuesday, Mar 31, 2020 - 01:46 AM (IST)

ਵਾਸ਼ਿੰਗਟਨ - ਕੋਰੋਨਾਵਾਇਰਸ ਸੰਕਟ ਨਾਲ ਨਜਿੱਠ ਰਹੇ ਨਿਊਯਾਰਕ ਦੇ ਹਸਪਤਾਲਾਂ ਨੂੰ ਰਾਹਤ ਪ੍ਰਦਾਨ ਕਰਨ ਲਈ 1000 ਬਿਸਤਰਿਆਂ ਵਾਲਾ ਨੌ-ਸੈਨਾ ਦਾ ਇਕ ਜਹਾਜ਼ੀ ਹਸਪਾਤਲ ਸ਼ਹਿਰ ਦੀ ਬੰਦਰਗਾਹ 'ਤੇ ਪਹੁੰਚ ਗਿਆ ਹੈ। ਯੂ. ਐਸ. ਐਨ. ਐਸ. ਕੰਫਰਟ ਨਾਂ ਦੇ ਜਹਾਜ਼ ਦਾ ਇਸਤੇਮਾਲ ਗੈਰ-ਕੋਰੋਨਾਵਾਇਰਸ ਮਰੀਜ਼ਾਂ ਦੇ ਇਲਾਜ ਲਈ ਕੀਤਾ ਜਾਵੇਗਾ। ਜਦਕਿ ਸ਼ਹਿਰ ਦੇ ਹਸਪਤਾਲ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਕਰਦੇ ਰਹਿਣਗੇ।
ਗਵਰਨਰ ਐਂਡਿ੍ਰਓ ਕਿਊਮੋ ਨੇ ਆਖਿਆ ਕਿ ਇਸ ਜਹਾਜ਼ੀ ਹਸਪਤਾਲ ਨਾਲ ਸ਼ਹਿਰ ਦੇ ਹਸਪਤਾਲਾਂ ਨੂੰ ਰਾਹਤ ਮਿਲੇਗੀ। ਇਹ ਜਹਾਜ਼ ਅਜਿਹੇ ਵੇਲੇ ਪਹੁੰਚਿਆ ਹੈ ਜਦ ਨਿਊਯਾਰਕ ਸੂਬੇ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਮਹੀਨੇ ਭਰ ਤੋਂ ਵੀ ਘੱਟ ਸਮੇਂ ਵਿਚ ਐਤਵਾਰ ਨੂੰ 1000 ਪਹੁੰਚ ਗਈ। ਉਥੇ ਹੀ ਨਵੇਂ ਅੰਕਡ਼ੇ ਸਾਹਮਣੇ ਆਉਣ ਤੋਂ ਇਥੇ ਮੌਤਾਂ ਦੀ ਗਿਣਤੀ 1218 ਹੋ ਗਈ ਹੈ ਅਤੇ ਪ੍ਰਭਾਵਿਤ ਲੋਕਾਂ ਦਾ ਅੰਕਡ਼ਾ 66,497 ਤੱਕ ਪਹੁੰਚ ਗਿਆ ਹੈ। ਦੱਸ ਦਈਏ ਕਿ ਪੂਰੇ ਅਮਰੀਕਾ ਵਿਚ ਹੁਣ ਤੱਕ 2938 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,58,571 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 5211 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।