ਅਮਰੀਕੀ ਫੌਜੀ ਹੈਲੀਕਾਪਟਰਾਂ ਨੇ ਕਾਬੁਲ ਦੇ ਹੋਟਲ ''ਚ ਫਸੇ ਅਮਰੀਕੀਆਂ ਨੂੰ ਕੱਢਿਆ ਬਾਹਰ
Saturday, Aug 21, 2021 - 10:41 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਫੌਜ ਵੱਲੋਂ ਅਫਗਾਨਿਸਤਾਨ 'ਚ ਫਸੇ ਅਮਰੀਕੀ ਨਾਗਰਿਕਾਂ ਨੂੰ ਉੱਥੋਂ ਬਾਹਰ ਕੱਢਣ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ। ਇੰਨਾਂ ਯਤਨਾਂ ਦੇ ਹੀ ਹਿੱਸੇ ਵਜੋਂ ਅਮਰੀਕਾ ਦੇ ਫੌਜੀ ਹੈਲੀਕਾਪਟਰਾਂ ਵੱਲੋਂ ਕਾਬੁਲ ਦੇ ਇੱਕ ਹੋਟਲ 'ਚ ਫਸੇ ਅਮਰੀਕੀ ਨਾਗਰਿਕਾਂ ਨੂੰ ਹੋਟਲ 'ਚੋਂ ਬਾਹਰ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ: ਇਸ ਯੂਨੀਵਰਸਿਟੀ ਨੇ ਕੋਰੋਨਾ ਵੈਕਸੀਨ ਆਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਦਾਖਲੇ ਕੀਤੇ ਰੱਦ
ਪੈਂਟਾਗਨ ਦੇ ਪ੍ਰੈਸ ਸਕੱਤਰ ਜੌਹਨ ਕਿਰਬੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਿਸੇ ਦੂਜੇ ਦੇਸ਼ ਵੱਲੋਂ ਅਮਰੀਕੀ ਕਮਾਂਡਰਾਂ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਹਵਾਈ ਅੱਡੇ ਦੇ ਨੇੜੇ ਬੈਰਨ ਹੋਟਲ 'ਚ ਇਕੱਠੇ ਹੋਏ ਤਕਰੀਬਨ 169 ਅਮਰੀਕੀਆਂ ਨੂੰ ਉੱਥੋ ਕੱਢਿਆ ਗਿਆ। ਕਿਰਬੀ ਨੇ ਦੱਸਿਆ ਕਿ ਇਸ ਕਾਰਵਾਈ 'ਚ ਤਿੰਨ ਸੀ ਐਚ -47 ਚਿਨੂਕ ਹੈਲੀਕਾਪਟਰਾਂ ਨੇ ਹਵਾਈ ਅੱਡੇ ਦੇ ਫੌਜੀ ਬੇਸ ਤੋਂ ਹਵਾਈ ਅੱਡੇ ਦੇ ਦੱਖਣ ਵਾਲੇ ਪਾਸੇ ਬੈਰਨ ਹੋਟਲ ਲਈ ਉਡਾਣ ਭਰੀ, ਤਾਂ ਜੋ ਅਮਰੀਕੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਮੈਦਾਨ ਵਿੱਚ ਲਿਆਂਦਾ ਜਾ ਸਕੇ।
ਇਹ ਵੀ ਪੜ੍ਹੋ : ਕੈਲੀਫੋਰਨੀਆ: ਜੰਗਲੀ ਅੱਗਾਂ 'ਚ ਵਾਧੇ ਕਾਰਨ ਰਾਸ਼ਟਰੀ ਜੰਗਲ ਹੋਏ ਬੰਦ
ਕਿਰਬੀ ਅਨੁਸਾਰ ਇਹ ਬਹੁਤ ਤੇਜ਼ ਅਤੇ ਸੁਰੱਖਿਅਤ ਢੰਗ ਨਾਲ ਕੀਤਾ ਗਿਆ ਆਪਰੇਸ਼ਨ ਸੀ। ਕਿਰਬੀ ਦੇ ਅਨੁਸਾਰ ਹੈਲੀਕਾਪਟਰਾਂ ਨੂੰ ਲਾਂਚ ਕਰਨ ਦਾ ਫੈਸਲਾ ਕਮਾਂਡਰ ਨੇ ਮੌਕੇ 'ਤੇ ਕੀਤਾ ਸੀ ਅਤੇ ਕਾਰਵਾਈ ਕਰਦਿਆਂ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਹੋਟਲ ਵਿੱਚੋਂ ਕੱਢ ਕੇ ਬੇਸ 'ਤੇ ਲਿਆਂਦਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਅਫਗਾਨਿਸਤਾਨ ਵਿੱਚ ਫਸੇ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦਾ ਭਰੋਸਾ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।