ਅਮਰੀਕੀ ਸੰਸਦ ਮੈਂਬਰਾਂ ਨੇ ਅਫਗਾਨਿਸਤਾਨ ਉੱਤੇ ਟਰੰਪ ਦੀ ਰਣਨੀਤੀ ਦਾ ਕੀਤਾ ਸਵਾਗਤ
Tuesday, Aug 22, 2017 - 02:55 PM (IST)
ਵਾਸ਼ਿੰਗਟਨ- ਚੋਟੀ ਦੇ ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਅਫਗਾਨ ਨੀਤੀ ਅਤੇ ਅੱਤਵਾਦੀ ਸੰਗਠਨਾਂ ਨੂੰ ਹਮਾਇਤ ਦੇਣ ਲਈ ਪਾਕਿਸਤਾਨ ਪ੍ਰਤੀ ਸਖ਼ਤ ਰੁਖ ਦਾ ਅੱਜ ਸਵਾਗਤ ਕੀਤਾ। ਉਨ੍ਹਾਂਨੇ ਇਸ ਨੂੰ ਇਕ ਵੱਡਾ ਕਦਮ ਦੱਸਿਆ। ਟਰੰਪ ਨੇ ਰਾਸ਼ਟਰ ਦੇ ਨਾਂ ਪ੍ਰਾਈਮ ਟਾਈਮ ਉੱਤੇ ਆਪਣੇ ਸੰਬੋਧਨ ਵਿਚ ਅਮਰੀਕਾ ਦੀ ਸਭ ਤੋਂ ਲੰਬੀ ਚੱਲੀ ਲੜਾਈ ਨੂੰ ਖਤਮ ਕਰਨ ਲਈ ਅਫਗਾਨਿਸਤਾਨ ਤੋਂ ਜਲਦਬਾਜ਼ੀ ਵਿਚ ਫੌਜੀ ਹਟਾਉਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਅੱਤਵਾਦੀਆਂ ਨੂੰ ਸੁਰੱਖਿਅਤ ਜਗ੍ਹਾ ਮੁਹੱਈਆ ਕਰਵਾਉਣ ਉੱਤੇ ਪਾਕਿਸਤਾਨ ਨੂੰ ਇਸ ਦਾ ਸਿੱਟਾ ਭੁਗਤਣ ਦੀ ਚਿਤਾਵਨੀ ਦਿੱਤੀ ਸੀ ਅਤੇ ਜੰਗ ਗ੍ਰਸਤ ਦੇਸ਼ ਵਿਚ ਅਮਨ ਕਾਇਮ ਕਰਨ ਦੀ ਖਾਤਰ ਭਾਰਤ ਤੋਂ ਹੋਰ ਵੱਡੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਦੱਖਣੀ ਏਸ਼ੀਆ ਨੀਤੀ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਇਸ ਦਾ ਮਹੱਤਵਪੂਰਨ ਹਿੱਸਾ ਭਾਰਤ ਨਾਲ ਅਮਰੀਕੀ ਭਾਈਵਾਲੀ ਨੂੰ ਵਿਕਸਿਤ ਕਰਨਾ ਹੈ।
ਅਮਰੀਕੀ ਸੈਨੇਟਰ ਜਾਨ ਮੈਕੇਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਦਾ ਰੁਖ ਪੂਰਬੀ ਪ੍ਰਸ਼ਾਸਨ ਦੀ ਹਾਰ ਨੂੰ ਟਾਲਦੇ ਰਹਿਣ ਦੀ ਨਾਕਾਮ ਰਣਨੀਤੀ ਤੋਂ ਕਾਫੀ ਵੱਖ ਹੈ। ਮੈਕੇਨ ਨੇ ਕਿਹਾ ਕਿ ਇਹ ਖਾਸ ਤੌਰ ਉੱਤੇ ਮਹੱਤਵਪੂਰਨ ਹੈ ਕਿ ਨਵੀਂ ਐਲਾਨੀ ਰਣਨੀਤੀ ਵਿਚ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਕੋਈ ਸਮਾਂ ਸੀਮਾ ਨਹੀਂ ਹੈ, ਸਗੋਂ ਇਹ ਯਕੀਨੀ ਕਰਦਾ ਹੈ ਕਿ ਭਵਿੱਖ ਵਿਚ ਸਾਡੀ ਵਚਨਬੱਧਤਾ ਨੂੰ ਘੱਟ ਕਰਨ ਦਾ ਕੋਈ ਵੀ ਫੈਸਲਾ ਜ਼ਮੀਨੀ ਹਾਲਾਤ ਉੱਤੇ ਨਿਰਭਰ ਕਰੇਗਾ। ਰਾਸ਼ਟਰਪਤੀ ਵਲੋਂ ਇਸ ਨਵੀਂ ਕੋਸ਼ਿਸ਼ ਨੂੰ ਖੇਤਰੀ ਰਣਨੀਤੀ ਦੇ ਤੌਰ ਉੱਤੇ ਤਿਆਰ ਕਰਨਾ ਵੀ ਸਹੀ ਹੈ। ਮੈਕੇਨ ਸੈਨੇਟ ਆਰਮਡ ਸਰਵੀਸਿਜ਼ ਕਮੇਟੀ ਦੇ ਚੇਅਰਮੈਨ ਹਨ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਅਫਗਾਨਿਸਤਾਨ ਲਈ ਨਵੀਂ ਰਣਨੀਤੀ ਦੇ ਨਾਲ ਸਹੀ ਦਿਸ਼ਾ ਵਿਚ ਵੱਡਾ ਕਦਮ ਚੁੱਕਣ ਲਈ ਮੈਂ ਰਾਸ਼ਟਰਪਤੀ ਟਰੰਪ ਦੀ ਸ਼ਲਾਘਾ ਕਰਦਾ ਹਾਂ। ਇਹ ਸੱਚ ਵਿਚ ਬਦਕਿਸਮਤੀ ਹੈ ਕਿ ਇਸ ਰਣਨੀਤੀ ਦੀ ਲੰਬੇ ਸਮੇਂ ਤੋਂ ਲੋੜ ਸੀ ਅਤੇ ਇਸ ਦੌਰਾਨ ਤਾਲੀਬਾਨ ਨੇ ਜ਼ਮੀਨ ਉੱਤੇ ਪਕੜ ਮਜ਼ਬੂਤ ਕਰ ਲਈ। ਸੈਨੇਟ ਇੰਡੀਆ ਕਾਕਸ ਦੇ ਸਹਿ ਪ੍ਰਧਾਨ ਸੈਨੇਟਰ ਜਾਨ ਕਾਰਨੇ ਨੇ ਕਿਹਾ ਕਿ ਟਰੰਪ ਦਾ ਭਾਸ਼ਣ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਲੈ ਕੇ ਅੱਗੇ ਦੀ ਰਣਨੀਤੀ ਬਾਰੇ ਹੈ। ਹਾਲਾਂਕਿ ਡੈਮੋਕ੍ਰੇਟਿਕ ਸੈਨੇਟਰ ਕ੍ਰਿਸ ਮਰਫੀ ਨਵੀਂ ਨੀਤੀ ਨੂੰ ਲੈ ਕੇ ਸ਼ੰਕਾ ਵਿਚ ਨਜ਼ਰ ਆਏ।
