ਚੀਨ ਦੇ ਵਿਰੁੱਧ ''ਕੁਆਡ'' ਨੂੰ ਅਸਰਦਾਇਕ ਬਣਾਉਣ ਦੀ ਅਮਰੀਕਾ-ਜਾਪਾਨ ਦੀ ਮੁਹਿੰਮ

06/11/2021 11:50:57 AM

ਕੁਆਡ, ਭਾਵ ਚਾਰ ਦੇਸ਼ਾਂ, ਜਿਨ੍ਹਾਂ ’ਚ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ, ਬਰਾਬਰ ਮਕਸਦਾਂ ਵਾਲੇ ਦੇਸ਼ਾਂ ਦਾ ਇਕ ਸੰਗਠਨ ਹੈ ਜੋ ਆਰਥਿਕ ਅਤੇ ਸਿਆਸੀ ਮਕਸਦਾਂ ਲਈ ਬਣਾਇਆ ਗਿਆ ਹੈ। ਉਂਝ ਬੀਤੇ ਕੁਝ ਸਾਲਾਂ ’ਚ ਚੀਨ ਦੇ ਹਮਲਾਵਰਪੁਣੇ ਤੋਂ ਪ੍ਰੇਸ਼ਾਨ ਏਸ਼ੀਆਈ ਅਤੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅਮਰੀਕਾ ਸਮੇਤ ਪੱਛਮੀ ਸ਼ਕਤੀਆਂ ਨੇ ਆਪਣਾ ਧਿਆਨ ਏਸ਼ੀਆ, ਖਾਸ ਕਰ ਕੇ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਵੱਲ ਮੋੜ ਦਿੱਤਾ। ਮਕਸਦ ਸਾਫ ਹੈ ਕਿ ਇਹ ਸਾਰੇ ਰਲ ਕੇ ਚੀਨ ਦੀ ਤਾਨਾਸ਼ਾਹੀ ਅਤੇ ਉਸ ਦੇ ਹਮਲਾਵਰਪੁਣੇ ’ਤੇ ਲਗਾਮ ਲਗਾਉਣੀ ਚਾਹੁੰਦੇ ਹਨ।

ਇਸੇ ਲੜੀ ’ਚ ਅਮਰੀਕਾ ਤੋਂ ਜੋ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਅਮਰੀਕਾ ਕੁਆਡ ਨੂੰ ਹੋਰ ਮਜ਼ਬੂਤੀ ਦੇਣ ਲਈ ਇਸ ਦਾ ਵਿਸਥਾਰ ਕਰਨਾ ਚਾਹੁੰਦਾ ਹੈ ਹਾਲਾਂਕਿ ਅਜੇ ਇਹ ਤੈਅ ਨਹੀਂ ਹੈ ਕਿ ਕਿਹੜੇ-ਕਿਹੜੇ ਦੇਸ਼ ਕੁਆਡ ’ਚ ਸ਼ਾਮਲ ਹੋਣਗੇ ਪਰ ਅਜਿਹਾ ਲੱਗਦਾ ਹੈ ਕਿ ਅਮਰੀਕਾ ਨਾਟੋ ਦੀ ਤਰਜ਼ ’ਤੇ ਏਸ਼ੀਆ ’ਚ ਕੁਆਡ ਨੂੰ ਮਜ਼ਬੂਤੀ ਦੇਣ ਲਈ ਗੰਭੀਰਤਾ ਦੇ ਨਾਲ ਕੰਮ ਕਰ ਰਿਹਾ ਹੈ।ਇਸ ਮੁੱਦੇ ’ਤੇ ਅਮਰੀਕਾ ਦੇ ਨਾਲ ਹੁਣ ਜਾਪਾਨ ਵੀ ਆ ਗਿਆ ਹੈ ਅਤੇ ਜਾਪਾਨ ਵੀ ਇਹੀ ਚਾਹੁੰਦਾ ਹੈ ਕਿ ਜਲਦੀ ਤੋਂ ਜਲਦੀ ਕੁਆਡ ਦਾ ਵਿਸਥਾਰ ਕਰ ਕੇ ਉਸ ਨੂੰ ਹੋਰ ਮਜ਼ਬੂਤੀ ਦਿੱਤੀ ਜਾਵੇ। ਹਾਲਾਂਕਿ ਭਾਰਤ ਨੇ ਅਜੇ ਤੱਕ ਇਸ ਮੁੱਦੇ ’ਤੇ ਆਪਣਾ ਪੱਖ ਨਹੀਂ ਰੱਖਿਆ ਹੈ ਪਰ ਜਾਪਾਨ ਅਤੇ ਅਮਰੀਕਾ ਨੇ ਕੂਟਨੀਤਕ ਪੱਧਰ ’ਤੇ ਇਸ ਦਿਸ਼ਾ ’ਚ ਆਪਣੇ ਯਤਨਾਂ ਨੂੰ ਤੇਜ਼ ਕਰ ਦਿੱਤਾ ਹੈ। ਇਹ ਦੋਵੇਂ ਦੇਸ਼ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੀ ਤਾਨਾਸ਼ਾਹੀ ਅਤੇ ਉਸ ਦੇ ਹਮਲਾਵਰਪੁਣੇ ’ਤੇ ਲਗਾਮ ਕੱਸਣ ਲਈ ਰਲ ਕੇ ਕੰਮ ਕਰ ਰਹੇ ਹਨ ਅਤੇ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੁਆਡ ਨੂੰ ਮਜ਼ਬੂਤ ਕਰਨ ਲਈ ਕਿਹੜੇ ਅਜਿਹੇ ਦੇਸ਼ ਹਨ, ਜਿਨ੍ਹਾਂ ਨੂੰ ਇਸ ’ਚ ਜੋੜਿਆ ਜਾ ਸਕਦਾ ਹੈ ਜੋ ਖੁਦ ਵੀ ਕੁਆਡ ’ਚ ਸ਼ਾਮਲ ਹੋਣਾ ਚਾਹੁੰਦੇ ਹਨ ਅਤੇ ਆਸਾਨੀ ਨਾਲ ਇਸ ਸੰਗਠਨ ਦਾ ਹਿੱਸਾ ਬਣ ਸਕਦੇ ਹਨ।

ਜਿਸ ਦੇਸ਼ ਨੂੰ ਅਮਰੀਕਾ ਅਤੇ ਜਾਪਾਨ ਨੇ ਪਹਿਲਾਂ ਕੁਆਡ ’ਚ ਸ਼ਾਮਲ ਕਰਨਾ ਤੈਅ ਕੀਤਾ ਹੈ ਉਹ ਹੈ ਦੱਖਣੀ ਕੋਰੀਆ। ਅਜੇ ਕੁਝ ਦਿਨ ਪਹਿਲਾਂ ਹੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਅਮਰੀਕਾ ਦੀ ਯਾਤਰਾ ਕੀਤੀ ਸੀ। ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਮੂਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਦੱਖਣ-ਪੂਰਬ ਅਤੇ ਪੂਰਬ-ਉੱਤਰ ਏਸ਼ੀਆ ਦੇ ਨਾਲ-ਨਾਲ ਹਿੰਦ-ਪ੍ਰਸ਼ਾਂਤ ਖੇਤਰ ਅਤੇ ਪੂਰੇ ਵਿਸ਼ਵ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਸਾਡਾ ਸਾਥ ਬਹੁਤ ਜ਼ਰੂਰੀ ਹੈ। ਮੂਨ ਜੇਈ ਇਨ ਦੀ ਅਮਰੀਕੀ ਯਾਤਰਾ ਇਸ ਲਈ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਪਿਛਲੇ ਮਹੀਨੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਅਮਰੀਕਾ ਦੀ ਯਾਤਰਾ ਕਰ ਕੇ ਜੋਅ ਬਾਈਡੇਨ ਨਾਲ ਮੁਲਾਕਾਤ ਕੀਤੀ ਸੀ।

ਜੇਕਰ ਸੂਤਰਾਂ ਦੀ ਮੰਨੀਏ ਤਾਂ ਸੁਗਾ ਦੀ ਅਮਰੀਕੀ ਯਾਤਰਾ ਦੇ ਬਾਅਦ ਹੀ ਕੁਆਡ ’ਚ ਦੱਖਣੀ ਕੋਰੀਆ ਨੂੰ ਸ਼ਾਮਲ ਕਰਨ ’ਤੇ ਸਹਿਮਤੀ ਬਣੀ ਸੀ, ਜਿਸ ਦੇ ਬਾਅਦ ਮੂਨ ਨੇ ਅਮਰੀਕਾ ਦੀ ਯਾਤਰਾ ਕੀਤੀ। ਮੂਨ ਜੇਈ ਇਨ ਦੇ ਸੀਨੀਅਰ ਪ੍ਰੈੱਸ ਸਕੱਤਰ ਨੇ ਇਸ ਯਾਤਰਾ ਬਾਰੇ ਕਿਹਾ ਕਿ ਦੋਵੇਂ ਦੇਸ਼ ਆਪਸ ’ਚ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਬਾਈਡੇਨ ਨੇ ਚੀਨ ਦੇ ਉਭਾਰ ਨੂੰ ਦੱਖਣੀ-ਪੂਰਬੀ ਏਸ਼ੀਆ ਦੇ ਨਾਲ ਮੁਕੰਮਲ ਏਸ਼ੀਆ ਅਤੇ ਵਿਸ਼ਵ ਲਈ ਉੱਭਰਦਾ ਹੋਇਆ ਖਤਰਾ ਮੰਨਿਆ। ਇਸ ਦੇ ਨਾਲ ਹੀ ਬਾਈਡੇਨ ਨੇ ਇਹ ਵੀ ਕਿਹਾ ਕਿ ਅਮਰੀਕਾ ਚੀਨ ਦੇ ਵਧਦੇ ਹੋਏ ਖਤਰੇ ਨੂੰ ਦੇਖਦੇ ਹੋਏ ਆਪਣੇ ਸਹਿਯੋਗੀਆਂ ਨਾਲ ਪੂਰੇ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਸਥਾਪਿਤ ਕਰਨ ਲਈ ਸਹਿਯੋਗ ਕਰੇਗਾ ਅਤੇ ਚੀਨ ’ਚ ਲਗਾਤਾਰ ਹੋ ਰਹੀਆਂ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਦੇ ਵਿਰੁੱਧ ਕੰਮ ਕਰੇਗਾ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦਾ ਐਲਾਨ, ਸਾਲ 2022 ਤੱਕ ਜੀ-7 ਦੇਸ਼ ਕੋਵਿਡ-19 ਦੇ 100 ਕਰੋੜ ਟੀਕੇ ਕਰਨਗੇ ਦਾਨ

ਬਾਈਡੇਨ ਨੇ ਇਹ ਵੀ ਕਿਹਾ ਕਿ ਅਮਰੀਕਾ ਕੋਰੀਆ ਪ੍ਰਾਇਦੀਪ ਦੇ ਨਾਲ ਆਪਣਾ ਸਹਿਯੋਗ ਵਧਾਉਣ ਦੇ ਨਾਲ ਤਣਾਅ ਘੱਟ ਕਰਨਾ ਚਾਹੁੰਦਾ ਹੈ। ਅਮਰੀਕਾ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ’ਤੇ ਲਗਾਮ ਲਗਾਉਣੀ ਚਾਹੁੰਦਾ ਹੈ। ਫੋਰਬਸ ਦੀ ਰਿਪੋਰਟ ਅਨੁਸਾਰ ਅਮਰੀਕਾ ਅਤੇ ਜਾਪਾਨ ਨੇ ਦੱਖਣੀ ਕੋਰੀਆ ਨੂੰ ਕੁਆਡ ਸਮੂਹ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਅਤੇ ਅਜਿਹਾ ਮੰਨਿਆ ਵੀ ਜਾ ਰਿਹਾ ਹੈ ਕਿ ਦੱਖਣੀ ਕੋਰੀਆ ਜਲਦੀ ਹੀ ਕੁਆਡ ਦਾ ਮੈਂਬਰ ਬਣ ਜਾਵੇਗਾ। ਅਜੇ ਹਾਲ ਹੀ ’ਚ ਵ੍ਹਾਈਟ ਹਾਊਸ ਦੇ ਹਿੰਦ-ਪ੍ਰਸ਼ਾਂਤ ਖੇਤਰ ਦੇ ਕੋਆਰਡੀਨੇਟਰ ਕਰਟ ਕੈਂਪਬੇਲ ਨੇ ਕਿਹਾ ਸੀ ਕਿ ਅਮਰੀਕਾ ਨੂੰ ਕੁਆਡ ’ਚ ਨਵੇਂ ਦੇਸ਼ਾਂ ’ਚ ਸ਼ਾਮਲ ਕਰ ਕੇ ਚੀਨ ਦੀ ਫੌਜੀ ਮੁਹਿੰਮ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਉਣੀ ਚਾਹੀਦੀ ਹੈ।

ਅਮਰੀਕਾ ਨੇ ਕੁਆਡ ਨੂੰ ਨਾਟੋ ਵਾਂਗ ਇਕ ਫੌਜੀ ਸੰਗਠਨ ਬਣਾ ਕੇ ਉਸੇ ਤਰ੍ਹਾਂ ਕੰਮ ਕਰਨ ਦੀ ਗੱਲ ਕਹੀ ਹੈ, ਜਿਸ ’ਚ ਮੈਂਬਰ ਦੇਸ਼ਾਂ ਦੇ ਦਰਮਿਆਨ ਹਥਿਆਰਾਂ ਅਤੇ ਲਾਜਿਸਟਿਕਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਸਮਝੌਤੇ ਕੀਤੇ ਜਾਣ ਅਤੇ ਇਸੇ ਨੂੰ ਏਸ਼ੀਆਈ ਨਾਟੋ ਦੀ ਤਰਜ਼ ’ਤੇ ਬਣਾਇਆ ਜਾਵੇ ਪਰ ਇਸ ਪੂਰੇ ਮੁੱਦੇ ’ਚ ਜਿੱਥੋਂ ਤੱਕ ਭਾਰਤ ਦੀ ਗੱਲ ਹੈ ਤਾਂ ਭਾਰਤ ਅਜੇ ਤੱਕ ਕੁਆਡ ਨੂੰ ਨਾਟੋ ਵਰਗੇ ਫੌਜੀ ਸੰਗਠਨ ਬਣਾਉਣ ਦੇ ਪੱਖ ’ਚ ਨਹੀਂ ਹੈ। ਇਸ ਨਾਲ ਰੂਸ ਭਾਰਤ ਨਾਲ ਨਾਰਾਜ਼ ਹੋ ਸਕਦਾ ਹੈ ਜਦਕਿ ਠੰਡੀ ਜੰਗ ਦੇ ਦੌਰ ’ਚ ਭਾਰਤ ਨੇ ਆਪਣੇ ਲਗਭਗ ਸਾਰੇ ਹਥਿਆਰ ਰੂਸ ਤੋਂ ਹੀ ਖਰੀਦੇ ਸਨ।

ਜੇਕਰ ਕੁਆਡ ਇਕ ਫੌਜੀ ਸੰਗਠਨ ਬਣਦਾ ਹੈ ਤਾਂ ਹੋ ਸਕਦਾ ਹੈ ਕਿ ਭਵਿੱਖ ’ਚ ਭਾਰਤ ਤੇ ਰੂਸ ਨੂੰ ਕਿਤੇ ਫੌਜੀ ਝੜਪ ’ਚ ਇਕ-ਦੂਸਰੇ ਵਿਰੁੱਧ ਖੜ੍ਹਾ ਨਾ ਹੋਣਾ ਪਵੇ। ਉੱਥੇ ਭਾਰਤ ਨੇ ਅਜੇ ਤੱਕ ਕੁਆਡ ’ਚ ਨਵੇਂ ਮੈਂਬਰਾਂ ਨੂੰ ਜੋੜੇ ਜਾਣ ਨੂੰ ਲੈ ਕੇ ਵੀ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਨਾਲ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਅਨੁਸਾਰ ਕੁਆਡ ਦੇ ਫੈਲਾਅ ’ਚ ਕੁਝ ਹੋਰ ਦੇਸ਼ਾਂ ਦੇ ਨਾਂ ਵੀ ਨਿਕਲ ਕੇ ਆ ਰਹੇ ਹਨ, ਜਿਨ੍ਹਾਂ ’ਚ ਫਰਾਂਸ, ਬ੍ਰਿਟੇਨ ਅਤੇ ਇਜ਼ਰਾਈਲ ਦੇ ਨਾਂ ਪ੍ਰਮੁੱਖ ਹਨ।ਹਾਲਾਂਕਿ ਸਮਾਂ ਦੱਸੇਗਾ ਕਿ ਏਸ਼ੀਆ ’ਚ ਚੀਨ ਦੇ ਹਮਲਾਵਰਪੁਣੇ ਨੂੰ ਰੋਕਣ ਲਈ ਕੀ ਕੁਆਡ ਇਕ ਫੌਜੀ ਸੰਗਠਨ ਬਣਦਾ ਹੈ ਅਤੇ ਇਸ ਦਾ ਫੈਲਾਅ ਹੁੰਦਾ ਹੈ ਜਾਂ ਫਿਰ ਇਹ ਚਾਰ ਦੇਸ਼ਾਂ ਦਾ ਸੰਗਠਨ ਬਣ ਕੇ ਬਰਾਬਰ ਵਿਚਾਰਧਾਰਾ ਵਾਲੇ ਦੇਸ਼ਾਂ ਦਾ ਇਕ ਸੰਘ ਬਣ ਕੇ ਵਿਸ਼ਵ ਪੱਧਰੀ ਝਰੋਖੇ ’ਚ ਆਪਣੀ ਹਾਜ਼ਰੀ ਦਰਜ ਕਰਵਾਏਗਾ।


Vandana

Content Editor

Related News