ਕੈਨੇਡਾ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋਇਆ ਭਾਰਤੀ ਗ੍ਰਿਫ਼ਤਾਰ
Tuesday, Aug 18, 2020 - 10:28 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸਰਹੱਦੀ ਗਸ਼ਤੀ ਦਲ ਨੇ ਕੈਨੇਡਾ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋ ਰਹੇ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਨਾਗਰਿਕ ਪੈਦਲ ਹੀ ਸਰਹੱਦ ਪਾਰ ਕਰ ਕੇ ਅਮਰੀਕਾ ਵਿਚ ਦਾਖ਼ਲ ਹੋ ਗਿਆ ਸੀ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸੰਘੀ ਅਧਿਕਾਰੀਆਂ ਨੇ ਵਿਅਕਤੀ ਦੀ ਪਛਾਣ ਉਜਾਗਰ ਨਹੀਂ ਕੀਤੀ ਅਤੇ ਉਸ ਨੂੰ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਹੈ।
ਅਮਰੀਕੀ ਸਰਹੱਦੀ ਪੁਲਸ ਦੇ ਬਿਆਨ ਦੇ ਮੁਤਾਬਕ, ਮੋਂਟਾਨਾ ਵਿਚ ਸਵੀਟ ਗ੍ਰਾਸ ਸਟੇਸ਼ਨ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕੈਨੇਡਾ ਦੇ ਅਲਬਰਟਾ ਸੂਬੇ ਵਿਚ ਕੋਟਸ ਤੋਂ ਗੈਰ ਕਾਨੂੰਨੀ ਢੰਗ ਨਾਲ ਪੈਦਲ ਹੀ ਇਕ ਵਿਅਕਤੀ ਨੂੰ ਦੇਸ਼ ਦੀ ਸੀਮਾ ਵਿਚ ਦਾਖਲ ਹੁੰਦੇ ਦੇਖਿਆ।ਬਿਆਨ ਵਿਚ ਕਿਹਾ ਗਿਆ ਕਿ ਅਧਿਕਾਰੀਆਂ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਅਤੇ ਇਹ ਪਤਾ ਚੱਲਿਆ ਕਿ ਉਹ ਭਾਰਤੀ ਹੈ। ਉਸ ਨੇ ਜਾਣਬੁੱਝ ਕੇ ਕੈਨੇਡਾ ਤੋਂ ਅਮਰੀਕਾ ਆਉਣ ਦੀ ਗੱਲ ਸਵੀਕਾਰ ਕੀਤੀ।
ਸਰਹੱਦੀ ਪੁਲਸ ਨੇ ਕਿਹਾ,''ਵਿਅਕਤੀ ਦੇ ਕੋਲ ਕਈ ਬੈਗ ਸਨ ਪਰ ਉਹਨਾਂ ਵਿਚ ਕੁਝ ਵੀ ਖਤਰਨਾਕ ਨਹੀਂ ਮਿਲਿਆ।'' ਉਹਨਾਂ ਨੇ ਦੱਸਿਆ ਕਿ ਭਾਰਤੀ ਨਾਗਰਿਕ ਨੂੰ ਅਮਰੀਕਾ ਤੋਂ ਬਾਹਰ ਭੇਜ ਦਿੱਤਾ ਗਿਆ ਹੈ।