ਅਮਰੀਕਾ ਨੇ ਕਿਊਬਾ ਦੇ 11 ਸੱਤਾਧਾਰੀ ਨੇਤਾਵਾਂ ਤੇ 3 ਸਰਕਾਰੀ ਸੰਸਥਾਵਾਂ ’ਤੇ ਲਾਈਆਂ ਪਾਬੰਦੀਆਂ
Wednesday, May 20, 2026 - 02:42 AM (IST)
ਵਾਸ਼ਿੰਗਟਨ - ਅਮਰੀਕਾ ਨੇ ਕਿਊਬਾ ਦੇ 11 ਸੱਤਾਧਾਰੀ ਨੇਤਾਵਾਂ ਅਤੇ 3 ਸਰਕਾਰੀ ਸੰਗਠਨਾਂ ’ਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਵਿਚ ਕਿਊਬਾ ਦੇ ਸੁਰੱਖਿਆ ਤੰਤਰ ਨਾਲ ਜੁੜੇ ਸਰਕਾਰੀ ਅਧਿਕਾਰੀ ਅਤੇ ਫ਼ੌਜੀ ਅਧਿਕਾਰੀ ਸ਼ਾਮਲ ਹਨ।
ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਕਿਹਾ ਕਿ ਕਿਊਬਾ ਦੀ ਕਮਿਊਨਿਸਟ ਸਰਕਾਰ ਨਾਲ ਜੁੜੇ ਉਨ੍ਹਾਂ ਲੋਕਾਂ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ, ਜੋ ਕਿਊਬਾ ਦੀ ਜਨਤਾ ’ਤੇ ਜ਼ੁਲਮ ਕਰ ਰਹੇ ਹਨ ਅਤੇ ਵੈਸਟਰਨ ਹੈਮੀਸਫੀਅਰ ’ਚ ਦੁਸ਼ਮਣੀ ਵਾਲੀਆਂ ਗਤੀਵਿਧੀਆਂ ਦਾ ਸਮਰਥਨ ਕਰ ਰਹੇ ਹਨ। ਅਮਰੀਕਾ ਦੇ ਇਸ ਕਦਮ ਨਾਲ ਅੱਤਿਆਚਾਰੀ ਨੀਤੀਆਂ ਅਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਖ਼ਤਰੇ ਦੇ ਦੋਸ਼ਾਂ ਨੂੰ ਲੈ ਕੇ ਹਵਾਨਾ ’ਤੇ ਦਬਾਅ ਹੋਰ ਵਧ ਗਿਆ ਹੈ।
ਇਨ੍ਹਾਂ ਉਪਾਵਾਂ ਦਾ ਐਲਾਨ ਕਰਦਿਆਂ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਹ ਕਾਰਵਾਈ ਕਿਊਬਾ ਸਰਕਾਰ ਦੀ ਗੈਰ-ਕਾਨੂੰਨੀ ਜਾਇਦਾਦ ਤੱਕ ਪਹੁੰਚ ਨੂੰ ਸੀਮਤ ਕਰਨ, ਕਿਊਬਾ ਵਿਚ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰ ਨੂੰ ਭੌਤਿਕ ਸਹਾਇਤਾ ਪ੍ਰਦਾਨ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਦੀ ਇਕ ਵਿਆਪਕ ਮੁਹਿੰਮ ਦਾ ਹਿੱਸਾ ਹੈ।
