US ਚੋਣਾਂ : ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਦੀ ਦੌੜ ''ਚ ਬਿਡੇਨ ਤੇ ਸੈਂਡਰਸ ਵਿਚਕਾਰ ਮੁਕਾਬਲਾ

Wednesday, Mar 04, 2020 - 02:27 PM (IST)

US ਚੋਣਾਂ : ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਦੀ ਦੌੜ ''ਚ ਬਿਡੇਨ ਤੇ ਸੈਂਡਰਸ ਵਿਚਕਾਰ ਮੁਕਾਬਲਾ

ਵਾਸ਼ਿੰਗਟਨ— 'ਸੁਪਰ ਟਿਊਜ਼ਡੇਅ' ਦੀਆਂ ਪ੍ਰਾਈਮਰੀ ਚੋਣਾਂ 'ਚ ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ 'ਚ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਅਤੇ ਸੈਨੇਟਰ ਬਰਨੀ ਸੈਂਡਰਸ ਵਿਚਕਾਰ ਮੁਕਾਬਲਾ ਸਖਤ ਹੋ ਰਿਹਾ ਹੈ। ਦੋਹਾਂ ਨੇਤਾਵਾਂ ਨੇ ਮੰਗਲਵਾਰ ਨੂੰ ਹੋਈ ਪ੍ਰਾਇਮਰੀ ਵੋਟਿੰਗ 'ਚ ਚੰਗੀ ਜਿੱਤ ਦਰਜ ਕੀਤੀ ਹੈ। ਇਸ ਵਿਚਕਾਰ ਰੀਪਬਲਿਕਨ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ 'ਚ ਪ੍ਰਾਇਮਰੀਜ਼ 'ਚ ਡੋਨਾਲਡ ਟਰੰਪ ਨੇ ਜਿੱਤ ਦਰਜ ਕੀਤੀ ਹੈ। ਬਿਡੇਨ ਨੇ ਮੁੱਖ ਦੱਖਣੀ ਸੂਬਿਆਂ 'ਚ ਜਿੱਤ ਹਾਸਲ ਕੀਤੀ ਹੈ। ਅੱਠ ਸੂਬਿਆਂ 'ਚ ਜਿੱਤ ਦਰਜ ਕਰਨ ਕਰਕੇ ਉਨ੍ਹਾਂ ਦੀ ਉਮੀਦਵਾਰੀ ਦੀ ਮੁਹਿੰਮ ਨੂੰ ਗਤੀ ਮਿਲੀ ਹੈ। ਉੱਥੇ ਹੀ ਬਿਡੇਨ ਨਾਲ ਮੁਕਾਬਲਾ ਕਰ ਰਹੇ ਬਰਨੀ ਸੈਂਡਰਸ ਨੂੰ ਆਪਣੇ ਗ੍ਰਹਿ ਸੂਬੇ ਵਰਮੋਂਟ, ਕੋਲੋਰਾਡੋ ਅਤੇ ਉਤਾਹ 'ਚ ਜਿੱਤ ਮਿਲੀ ਹੈ। ਹਾਲਾਂਕਿ ਸੈਂਡਰਸ ਦਾ ਕੈਲੀਫੋਰਨੀਆ 'ਚ ਜਿੱਤ ਹਾਸਲ ਕਰਨਾ ਉਨ੍ਹਾਂ ਲਈ ਆਉਣ ਵਾਲੇ ਸਮੇਂ 'ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ 'ਚ ਅਹਿਮ ਮੰਨਿਆ ਜਾ ਰਿਹਾ ਹੈ। ਬਿਡੇਨ ਨੇ ਮੈਸਾਚੁਸਟੇਸ, ਅਲਬਾਮਾ, ਓਕਲਾਹੋਮਾ, ਟੈਨੇਸੀ, ਉੱਤਰੀ ਕੈਰੋਲੀਨਾ, ਆਰਕਾਸਾਂਸ, ਮਿਨੀਸੋਟਾ ਅਤੇ ਵਰਜੀਨੀਆ 'ਚ ਜਿੱਤ ਦਰਜ ਕੀਤੀ ਹੈ।


ਹਾਲਾਂਕਿ ਮਿਨੀਸੋਟਾ 'ਚ ਸੈਂਡਰਸ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਬਿਡੇਨ ਅਤੇ ਸੈਂਡਰਸ ਵਿਚਕਾਰ ਮਾਇਨੇ ਅਤੇ ਟੈਕਸਾਸ 'ਚ ਵੀ ਸਖਤ ਟੱਕਰ ਹੈ। ਪਿਛਲੇ ਹਫਤੇ ਦੇ ਅਖੀਰ 'ਚ ਦੱਖਣੀ ਕੈਰੋਲੀਨਾ ਪ੍ਰਾਇਮਰੀ 'ਚ ਜਿੱਤ ਦਰਜ ਕਰਨ ਵਾਲੇ ਸਾਬਕਾ ਉਪ ਰਾਸ਼ਟਰਪਤੀ ਨੇ ਅਫਰੀਕੀ-ਅਮਰੀਕੀ ਬਹੁਲਤਾ ਵਾਲੇ ਸੂਬਿਆਂ 'ਚ ਵੀ ਜਿੱਤ ਹਾਸਲ ਕੀਤੀ ਸੀ। ਵਰਜੀਨੀਆ 'ਚ ਬਿਡੇਨ ਦੀ ਜਿੱਤ ਅਹਿਮ ਹੈ ਕਿਉਂਕਿ ਵਰਮੋਂਟ ਸੈਨੇਟਰ ਬਰਨੀ ਸੈਂਡਰਸ ਅਤੇ ਨਿਊਯਾਰਕ ਦੇ ਸਾਬਕਾ ਮੇਅਰ ਮਾਈਕ ਬਲੂਮਬਰਗ ਤੋਂ ਉਨ੍ਹਾਂ ਨੂੰ ਪਿਛਲੇ ਹਫਤੇ ਸਖਤ ਟੱਕਰ ਮਿਲੀ ਸੀ। ਵ੍ਹਾਈਟ ਹਾਊਸ ਦੀ ਦੌੜ 'ਚ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਬਿਡੇਨ ਨੇ ਕਿਹਾ,''ਅਸੀਂ ਅਜਿਹੀ ਮੁਹਿੰਮ ਤਿਆਰ ਕਰ ਰਹੇ ਹਾਂ ਜੋ ਪਾਰਟੀ ਨੂੰ ਇਕ ਕਰ ਸਕਦਾ ਹੈ ਤੇ ਟਰੰਪ ਨੂੰ ਹਰਾ ਸਕਦਾ ਹੈ ਪਰ ਸਾਨੂੰ ਅਜਿਹਾ ਕਰਨ ਲਈ ਤੁਹਾਡੀ ਮਦਦ ਚਾਹੀਦੀ ਹੈ।' ਜ਼ੋਰਦਾਰ ਭਾਸ਼ਣ 'ਚ ਰਾਸ਼ਟਰਪਤੀ ਟਰੰਪ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੈਂਡਰਸ ਨੇ ਉਨ੍ਹਾਂ ਨੂੰ 'ਦੇਸ਼ ਦੇ ਇਤਿਹਾਸ 'ਚ ਸਭ ਤੋਂ ਖਤਰਨਾਕ ਰਾਸ਼ਟਰਪਤੀ' ਕਰਾਰ ਦਿੱਤਾ।


Related News