ਤਹੱਵੁਰ ਰਾਣਾ ਦੀ ਹਵਾਲਗੀ ਮਾਮਲੇ ਦੀ ਸੁਣਵਾਈ 12 ਫਰਵਰੀ ਨੂੰ

11/30/2020 3:22:23 PM

ਵਾਸ਼ਿੰਗਟਨ (ਭਾਸ਼ਾ) :ਅਮਰੀਕਾ ਦੀ ਇਕ ਅਦਾਲਤ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਹਵਾਲਗੀ ਦੇ ਮਾਮਲੇ ਵਿਚ 12 ਫਰਵਰੀ ਨੂੰ ਸੁਣਵਾਈ ਕਰੇਗੀ। ਭਾਰਤ ਨੇ ਰਾਣਾ ਨੂੰ 2008 ਵਿਚ ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਦੇ ਮਾਮਲੇ ਵਿਚ ਭਗੌੜਾ ਘੋਸ਼ਿਤ ਕੀਤਾ ਹੈ। ਡੇਵਿਸ ਕੋਲਮੈਨ ਹੇਡਲੀ ਦੇ ਬਚਪਨ ਦੇ ਦੋਸਤ ਰਾਣਾ (59) ਨੂੰ 10 ਜੂਨ ਨੂੰ ਲਾਸ ਏਂਜਲਸ ਵਿਚ ਮੁੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਮੁੰਬਈ ਹਮਲਿਆਂ ਵਿਚ ਸ਼ਮੂਲੀਅਤ ਦੇ ਮਾਮਲੇ ਵਿਚ ਭਾਰਤ ਵੱਲੋਂ ਹਵਾਲਗੀ ਦੀ ਅਪੀਲ 'ਤੇ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਹਮਲਿਆਂ ਵਿਚ 6 ਅਮਰੀਕੀਆਂ ਸਮੇਤ 166 ਲੋਕਾਂ ਦੀ ਮੌਤ ਹੋ ਗਈ ਸੀ। 

ਅਮਰੀਕੀ ਪੁਲਸ ਨੇ ਰਾਣਾ ਨੂੰ ਪਹਿਲੀ ਵਾਰ ਸ਼ਿਕਾਗੋ ਓਹਾਰੇ ਹਵਾਈ ਅੱਡੇ 'ਤੇ ਹੇਡਲੀ ਦੀ ਗ੍ਰਿਫ਼ਤਾਰੀ ਦੇ ਤੁਰੰਤ ਬਾਅਦ ਅਕਤਬੂਰ 2009 ਵਿਚ ਗ੍ਰਿਫ਼ਤਾਰ ਕੀਤਾ ਸੀ। ਲਾਸ ਏਂਜਲਸ ਵਿਚ ਅਮਰੀਕੀ ਜ਼ਿਲ੍ਹਾ ਕੋਰਟ ਦੀ ਜੱਜ ਜੈਕਲੀਨ ਚੇਲੋਨਿਯਨ ਨੇ 13 ਨਵੰਬਰ ਨੂੰ ਜਾਰੀ ਆਪਣੇ ਆਦੇਸ਼ ਵਿਚ ਕਿਹਾ ਕਿ ਇਸ ਮਾਮਲੇ ਵਿਚ ਹਵਾਲਗੀ ਦੀ ਸੁਣਵਾਈ 12 ਫਰਵਰੀ, 2021 ਨੂੰ ਸਵੇਰੇ 10 ਵਜੇ ਹੋਵੇਗੀ। ਰਾਣਾ ਕੋਲ ਹਵਾਲਗੀ ਦੀ ਅਪੀਲ ਦੇ ਵਿਰੋਧ ਵਿਚ ਪਟੀਸ਼ਨ ਦਾਇਰ ਕਰਨ ਲਈ 21 ਦਸੰਬਰ ਤੱਕ ਦਾ ਸਮਾਂ ਹੈ। ਅਮਰੀਕੀ ਸਰਕਾਰ ਦੇ ਕੋਲ ਇਸ ਦਾ ਜਵਾਬ ਦਾਇਰ ਕਰਨ ਲਈ ਇਕ ਹੋਰ ਮਹੀਨੇ ਦਾ ਸਮਾਂ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਇਟਲੀ : ਨੌਜਵਾਨਾਂ ਵੱਲੋਂ ਕਿਸਾਨ ਸੰਘਰਸ਼ ਨੂੰ ਹਰ ਤਰ੍ਹਾਂ ਦੀ ਮਦਦ ਦਾ ਐਲਾਨ

ਅਮਰੀਕੀ ਸਰਕਾਰ ਨੇ 28 ਸਤੰਬਰ ਨੂੰ ਆਪਣੇ ਪ੍ਰਸਤਾਵ ਵਿਚ ਰਾਣਾ ਨੂੰ ਭਾਰਤ ਦੇ ਹਵਾਲੇ ਕੀਤੇ ਜਾਣ ਦਾ ਸਮਰਥਨ ਕੀਤਾ ਸੀ। ਭਾਰਤ ਵਿਚ ਉਸ ਦੇ ਖਿਲਾਫ਼ ਯੁੱਧ ਛੇੜਨ, ਅੱਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ, ਯੁੱਧ ਛੇੜਨ ਦੀ ਸਾਜਿਸ਼ ਰਚਣ ਅਤੇ ਕਤਲ ਕਰਨ ਸਮੇਤ ਕਈ ਹੋਰ ਮਾਮਲਿਆਂ ਵਿਚ ਦੋਸ਼ ਤੈਅ ਕੀਤੇ ਗਏ ਹਨ। ਰਾਣਾ ਨੇ ਆਪਣੇ ਬਚਾਅ ਵਿਚ ਦਲੀਲ ਦਿੱਤੀ ਸੀ ਕਿ ਅਮਰੀਕਾ ਦਾ ਹੇਡਲੀ ਨੂੰ ਭਾਰਤ ਦੇ ਹਵਾਲੇ ਨਾ ਕਰਨ ਦਾ ਫ਼ੈਸਲਾ ਅਸੰਗਤ ਹੈ ਅਤੇ ਇਹ ਉਸ ਦੀ ਹਵਾਲਗੀ ਨੂੰ ਰੋਕਦਾ ਹੈ। ਅਮਰੀਕਾ ਦੇ ਅਟਾਰਨੀ ਨਿਕੋਲਾ ਟੀ ਹੰਨਾ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਤਰਕ ਦਿੱਤਾ ਕਿ ਹੇਡਲੀ ਨੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਸਨ। ਉਹਨਾਂ ਨੇ ਕਿਹਾ,''ਰਾਣਾ ਦੀ ਸਥਿਤੀ ਵੱਖ ਹੈ ਕਿਉਂਕਿ ਉਸ ਨੇ ਨਾ ਤਾਂ ਅਪਰਾਧ ਸਵੀਕਾਰ ਕੀਤਾ ਅਤੇ ਨਾ ਹੀ ਅਮਰੀਕੀ ਸਰਕਾਰ ਦੇ ਨਾਲ ਸਹਿਯੋਗ ਕੀਤਾ ਇਸ ਲਈ ਉਸ ਨੂੰ ਉਹ ਲਾਭ ਨਹੀਂ ਦਿੱਤੇ ਜਾ ਸਕਦੇ ਜੋ ਹੇਡਲੀ ਨੂੰ ਦਿੱਤੇ ਗਏ। ਇਹ ਰੁਖ਼ ਨਾ ਅਸੰਗਤ ਹੈ ਅਤੇ ਨਾ ਹੀ ਰਾਣਾ ਦੀ ਹਵਾਲਗੀ ਨੂੰ ਰੋਕਦਾ ਹੈ।'' 

ਹੰਨਾ ਨੇ ਕਿਹਾ ਕਿ ਰਾਣਾ ਦੇ ਉਲਟ ਹੇਡਲੀ ਨੇ ਆਪਣੇ ਸਾਰੇ ਦੋਸ਼ ਤੁਰੰਤ ਸਵੀਕਾਰ ਕਰ ਲਏ ਸਨ। ਪਾਕਿਸਤਾਨ ਵਿਚ ਪੈਦਾ ਹੋਏ ਰਾਣਾ ਨੇ ਉੱਥੇ ਆਰਮੀ ਮੈਡੀਕਲ ਕਾਲਜ ਤੋਂ ਪੜ੍ਹਾਈ ਪੂਰੀ ਕੀਤੀ ਸੀ ਅਤੇ ਉਸ ਨੇ ਪਾਕਿਸਤਾਨੀ ਸੈਨਾ ਵਿਚ ਕਰੀਬ ਇਕ ਦਹਾਕੇ ਤੱਕ ਡਾਕਟਰ ਦੇ ਰੂਪ ਵਿਚ ਸੇਵਾਵਾਂ ਦਿੱਤੀਆਂ ਸਨ ਪਰ ਬਾਅਦ ਵਿਚ ਉਸ ਨੇ ਇਹ ਕਿੱਤਾ ਛੱਡ ਦਿੱਤਾ। ਉਹ ਇਸ ਸਮੇਂ ਕੈਨੇਡਾ ਦਾ ਨਾਗਰਿਕ ਹੈ ਪਰ ਸ਼ਿਕਾਗੋ ਵਿਚ ਰਹਿੰਦਾ ਸੀ, ਜਿੱਥੇ ਉਸ ਦਾ ਕਾਰੋਬਾਰ ਸੀ। ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਦੇ ਮੁਤਾਬਕ, ਉਹ ਕੈਨੈਡਾ, ਪਾਕਿਸਤਾਨ, ਜਰਮਨੀ ਅਤੇ ਬ੍ਰਿਟੇਨ ਵਿਚ ਰਿਹਾ ਅਤੇ ਸੱਤ ਭਾਸ਼ਾਵਾਂ ਬੋਲਦਾ ਹੈ। ਮੁੰਬਈ ਹਮਲਿਆਂ ਦਾ ਅਪਰਾਧੀ ਹੇਡਲੀ ਸਰਕਾਰੀ ਗਵਾਹ ਬਣ ਗਿਆ ਸੀ ਅਤੇ ਇਸ ਸਮੇਂ ਅਮਰੀਕਾ ਵਿਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਹਮਲੇ ਵਿਚ ਸ਼ਾਮਲ ਪਾਕਿਸਤਾਨੀ ਨਾਗਰਿਕ ਮੁਹੰਮਦ ਅਜ਼ਮਲ ਕਸਾਬ ਨੂੰ 21 ਨਵੰਬਰ, 2012 ਵਿਚ ਫਾਂਸੀ ਦਿੱਤੀ ਗਈ ਸੀ। ਉਹ ਹਮਲਾਵਰਾਂ ਵਿਚੋਂ ਇਕ ਸੀ ਜਿਸ ਨੂੰ ਜਿਉਂਦਾ ਫੜਿਆ ਗਿਆ ਸੀ।


Vandana

Content Editor

Related News