ਕੋਰੋਨਾ ਸੰਕਟ: ਅਮਰੀਕਾ ਨੇ ਚੀਨ ਨਾਲ ਸਾਰੇ ਸਬੰਧ ਤੋੜਨ ਦੀ ਦਿੱਤੀ ਧਮਕੀ
Friday, May 15, 2020 - 12:10 PM (IST)
ਵਾਸ਼ਿੰਗਟਨ- ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਅਮਰੀਕਾ ਸ਼ੁਰੂਆਤ ਤੋਂ ਹੀ ਚੀਨ ਨੂੰ ਦੋਸ਼ੀ ਮੰਨਦਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ 'ਤੇ ਚੀਨ ਖਿਲਾਫ ਕਾਰਵਾਈ ਕਰਨ ਦੀ ਬਹੁਤ ਦਬਾਅ ਬਣ ਰਿਹਾ ਹੈ। ਅਜਿਹੇ ਵਿਚ ਵੀਰਵਾਰ ਨੂੰ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਅਸੀਂ ਚੀਨ ਦੇ ਨਾਲ ਸਾਰੇ ਸਬੰਧ ਤੋੜ ਸਕਦੇ ਹਾਂ।
ਟਰੰਪ ਨੇ ਕਿਹਾ ਕਿ ਚੀਨ ਵਿਚ ਅਸੀਂ ਅਮਰੀਕਨ ਪੈਨਸ਼ਨ ਫੰਡ ਵਿਚ ਅਰਬਾਂ ਡਾਲਰ ਲਾਏ ਸਨ। ਉਹ ਪੈਸਾ ਹੁਣ ਵਾਪਸ ਲੈ ਲਿਆ ਹੈ। ਇਸੇ ਤਰ੍ਹਾਂ ਹੋਰ ਵੀ ਕਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਕ ਪੱਤਰਕਾਰ ਨੇ ਉਹਨਾਂ ਤੋਂ ਪੁੱਛਿਆ ਕਿ ਅਲੀਬਾਬਾ ਗਰੁੱਪ ਜਿਹੀਆਂ ਕੰਪਨੀਆਂ ਨਿਊਯਾਰਕ ਸਟਾਕ ਐਕਸਚੇਂਜ ਵਿਚ ਲਿਸਟਡ ਹਨ ਪਰ ਉਹ ਅਮਰੀਕੀ ਕੰਪਨੀਆਂ ਵਾਂਗ ਆਪਣੀ ਕਮਾਈ ਰਿਪੋਰਟ ਨਹੀਂ ਕਰ ਰਹੀਆਂ। ਇਸ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਸਖਤਾਈ ਨਾਲ ਦੇਖ ਰਹੇ ਹਾਂ।
ਉਹਨਾਂ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਂ ਫਿਲਹਾਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕੋਈ ਗੱਲਬਾਤ ਕਰਨਾ ਨਹੀਂ ਚਾਹੁੰਦਾ। ਉਹਨਾਂ ਨਾਲ ਮੇਰੇ ਬਹੁਤ ਚੰਗੇ ਸਬੰਧ ਹਨ ਪਰ ਪਰ ਅਜੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਉਹਨਾਂ ਇਹ ਵੀ ਦੱਸਿਆ ਕਿ ਕੋਰੋਨਾ ਦੇ ਮਾਮਲਿਆਂ ਵਿਚ ਚੀਨ ਦੀ ਕਾਰਗੁਜ਼ਾਰੀ ਤੋਂ ਉਹ ਬਹੁਤ ਦੁਖੀ ਹਨ। ਜ਼ਾਹਿਰ ਹੈ ਕਿ ਵਿਸ਼ਵ ਵਿਚ ਇਸ ਮਹਾਮਾਰੀ ਦੇ ਕਾਰਣ 3 ਲੱਖ ਲੋਕਾਂ ਦੀ ਮੌਤ ਹੋ ਗਈ ਹੈ। ਸਿਰਫ ਅਮਰੀਕਾ ਵਿਚ ਹੀ 80 ਹਜ਼ਾਰ ਤੋਂ ਵਧੇਰੇ ਲੋਕ ਮਾਰੇ ਗਏ ਹਨ। ਇਸ ਕਾਰਣ ਪਿਛਲੇ ਕੁਝ ਹਫਤਿਆਂ ਵਿਚ ਅਮਰੀਕੀ ਰਾਸ਼ਟਰਪਤੀ 'ਤੇ ਵੀ ਚੀਨ ਦੇ ਖਿਲਾਫ ਐਕਸ਼ਨ ਲੈਣ ਦੇ ਲਈ ਦਬਾਅ ਬਣ ਰਿਹਾ ਹੈ। ਕਈ ਜਾਣਕਾਰ ਮੰਨਦੇ ਹਨ ਕਿ ਵੁਹਾਨ ਤੋਂ ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਫੈਲਣ ਦਾ ਮੁੱਖ ਕਾਰਣ ਚੀਨ ਦੀ ਕਾਰਗੁਜਾਰੀ ਸੀ।
ਉਥੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਚੀਨ, ਜਿਥੋਂ ਇਹ ਬੀਮਾਰੀ ਫੈਲੀ ਹੈ ਉਹ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦੇ ਰਿਹਾ ਹੈ, ਜਿਸ ਨਾਲ ਵਿਸ਼ਵ ਕੋਵਿਡ-19 ਦੇ ਖਿਲਾਫ ਮਜ਼ਬੂਤੀ ਨਾਲ ਲੜ ਸਕੇ। ਇੰਨਾਂ ਹੀ ਨਹੀਂ ਪੋਂਪੀਓ ਨੇ ਚੀਨ 'ਤੇ ਕੋਵਿਡ-19 ਨਾਲ ਸਬੰਧਤ ਅਮਰੀਕੀ ਰਿਸਰਚ ਨੂੰ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਵਿਦੇਸ਼ ਮੰਤਰੀ ਨੇ ਚੀਨ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਨਾਲ ਹੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰੋਕਣ ਲਈ ਕਿਹਾ ਹੈ।