ਅਮਰੀਕੀ ਏਅਰ ਫ਼ੋਰਸ ''ਚ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਛੋਟ

02/15/2020 3:42:55 PM

ਵਾਸ਼ਿੰਗਟਨ (ਰਾਜ ਗੋਗਨਾ)— ਸਮੇਂ-ਸਮੇਂ 'ਤੇ ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਉੱਠਦਾ ਰਹਿੰਦਾ ਹੈ। ਵਿਸ਼ੇਸ਼ ਕਰ ਕੇ ਦਸਤਾਰ ਦੇ ਮੁੱਦੇ 'ਤੇ ਉਨ੍ਹਾਂ ਨੂੰ ਸੰਘਰਸ਼ ਵੀ ਕਰਨਾ ਪਿਆ ਤੇ ਕਈ ਦੇਸ਼ਾਂ ਅੰਦਰ ਅਜੇ ਵੀ ਸੰਘਰਸ਼ ਜਾਰੀ ਹੈ। ਇਸੇ ਦੌਰਾਨ ਅਮਰੀਕਾ ਤੋਂ ਚੰਗੀ ਖ਼ਬਰ ਮਿਲੀ ਹੈ।ਅਮਰੀਕੀ ਏਅਰ ਫ਼ੋਰਸ ਵਲੋਂ ਧਾਰਮਿਕ ਆਜ਼ਾਦੀ ਨੂੰ ਲੈ ਕੇ ਨਵੇਂ ਮਾਪਦੰਡ ਤੈਅ ਕੀਤੇ ਗਏ ਹਨ, ਜਿਸ ਨਾਲ ਹੁਣ ਸਿੱਖਾਂ ਨੂੰ ਆਪਣੀ ਡਿਊਟੀ ਦੌਰਾਨ ਦਾੜ੍ਹੀ ਰੱਖਣ ਦੀ ਇਜਾਜ਼ਤ ਮਿਲੀ ਹੈ।

ਇਸ ਮੁਤਾਬਕ ਏਅਰਮੈਨ ਨੂੰ ਦਾੜ੍ਹੀ ਰੱਖਣ ਲਈ ਧਾਰਮਿਕ ਜਾਂ ਡਾਕਟਰੀ ਛੋਟਾਂ ਹੋਣੀਆਂ ਚਾਹੀਦੀਆਂ ਹਨ।ਅਮਰੀਕੀ ਮੀਡੀਆ ਅਨੁਸਾਰ ਇਕ ਮੁਸਲਮਾਨ ਏਅਰਮੈਨ ਨੂੰ ਸਭ ਤੋਂ ਪਹਿਲਾਂ 2018 ਵਿਚ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਅਗਲੇ ਹੀ ਸਾਲ ਇਕ ਸਿੱਖ ਨੂੰ ਵੀ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ। ਨਵੀਂ ਨੀਤੀ ਮੁਤਾਬਕ ਇਸ ਗੱਲ 'ਤੇ ਕੋਈ ਪਾਬੰਦੀ ਨਹੀਂ ਹੈ ਕਿ ਧਾਰਮਿਕ ਤੌਰ 'ਤੇ ਕੋਈ ਆਪਣੀ ਦਾੜ੍ਹੀ ਕਿੰਨੀ ਵਧਾਉਂਦਾ ਹੈ ਪਰ ਇਹ ਜ਼ਰੂਰ ਪਾਬੰਦੀ ਹੈ ਕਿ ਦਾੜ੍ਹੀ ਖੁੱਲ੍ਹੀ ਹੋਣ ਦੀ ਥਾਂ 'ਤੇ ਬੰਨ੍ਹੀ ਹੋਈ ਹੋਵੇ । ਉੱਥੇ ਹੀ ਮੁੱਛਾਂ ਬਾਰੇ ਵੀ ਨਵੀਂ ਨੀਤੀ ਹੈ ਜਿਸ ਅਨੁਸਾਰ ਉੱਪਰਲੇ ਬੁੱਲ੍ਹ ਤੋਂ ਮੁੱਛ ਬਾਹਰ ਨਾ ਨਿਕਲੇ। ਨਵੀਂ ਗਾਈਡਲਾਈਨ ਵਿਚ ਲਿਖਿਆ ਗਿਆ ਹੈ ਕਿ ਦਸਤਾਰਾਂ ਅਤੇ ਹਿਜਾਬ ਮਿਲਟਰੀ ਦੀ ਵਰਦੀ ਦੇ ਹਿਸਾਬ ਨਾਲ ਮੇਲ ਖਾਂਦੇ ਹੋਣ ਨਾ ਕਿ ਰੰਗ-ਬਿਰੰਗੇ। ਵਰਦੀ ਦੇ ਨਾਲ ਮੇਲ ਖਾਂਦੇ ਪੈਟਰਨ ਤੋਂ ਇਲਾਵਾ ਹੋਰ ਕੋਈ ਵੀ ਡਿਜ਼ਾਈਨ ਵਰਜਿਤ ਹਨ। ਇਹ ਵੀ ਕਿਹਾ ਗਿਆ ਹੈ ਕਿ ਪੱਗਾਂ ਅਤੇ ਹਿਜ਼ਾਬ ਫ਼ਾਇਰ ਰਜ਼ਿਸਟੈਂਸ ਮਟੀਰੀਅਲ ਨਾਲ ਬਣੇ ਹੋਣੇ ਜ਼ਰੂਰੀ ਹਨ। ਹਮਲੇ ਦੀ ਸਥਿਤੀ ਵਿਚ ਗੈਸ ਮਾਸਕ ਫਿੱਟ ਨੂੰ ਯਕੀਨੀ ਬਣਾਉਣ ਲਈ ਤੁਰੰਤ ਸ਼ੇਵ ਕਰਨ ਜਾਂ ਪੱਗ ਜਾਂ ਹਿਜਾਬ ਨੂੰ ਹਟਾਉਣ ਦੀ ਮੰਗ ਕਰ ਸਕਦੀਆਂ ਹਨ।


Related News