ਅਮਰੀਕਾ :ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

06/17/2019 2:01:01 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਲੋਵਾ ਸ਼ਹਿਰ ਵਿਚ ਕੁਝ ਅਣਪਛਾਤੇ ਲੋਕਾਂ ਨੇ ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਲੋਵਾ ਦੇ ਪੱਛਮੀ ਡੇਸ ਮੋਇਨੇਸ ਵਿਚ ਸ਼ਨੀਵਾਰ ਸਵੇਰੇ ਉਨ੍ਹਾਂ ਦੇ ਘਰ ਵਿਚ ਵਾਪਰੀ। ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਸੁੰਕਾਰਾ (44), ਲਾਵਨਯਾ ਸੁੰਕਾਰਾ (41) ਅਤੇ ਉਨ੍ਹਾਂ ਦੇ ਦੋ ਬੇਟਿਆਂ ਦੇ ਤੌਰ 'ਤੇ ਹੋਈ ਹੈ। ਬੇਟਿਆਂ ਵਿਚੋਂ ਇਕ ਦੀ ਉਮਰ 15 ਅਤੇ ਦੂਜੇ ਦੀ 10 ਸਾਲ ਦੱਸੀ ਗਈ ਹੈ।

ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਸੁੰਕਾਰਾ ਮੂਲ ਰੂਪ ਨਾਲ ਹੈਦਰਾਬਾਦ ਦੇ ਰਹਿਣ ਵਾਲੇ ਸਨ। ਉਹ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਆਏ ਅਤੇ ਬਾਅਦ ਵਿਚ ਪਰਿਵਾਰ ਸਮੇਤ ਇੱਥੇ ਹੀ ਰਹਿ ਪਏ। ਉਨ੍ਹਾਂ ਦੇ ਮਾਤਾ-ਪਿਤਾ ਹੈਦਰਾਬਾਦ ਵਿਚ ਰਹਿੰਦੇ ਹਨ। ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  

ਪੁਲਸ ਨੂੰ ਇਕ ਹੀ ਪਰਿਵਾਰ ਦੇ ਇਨ੍ਹਾਂ ਮੈਂਬਰਾਂ ਦੀਆਂ ਲਾਸ਼ਾਂ 'ਤੇ ਗੋਲੀਆਂ ਦੇ ਕਈ ਨਿਸ਼ਾਨ ਮਿਲੇ ਹਨ। ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇਸ ਪਰਿਵਾਰ ਦੇ ਘਰ ਵਿਚ ਠਹਿਰੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇਖੀਆਂ ਅਤੇ ਸਥਾਨਕ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ। ਮੌਕੇ ਤੋਂ ਕਈ ਰਾਊਂਡ ਫਾਇਰਿੰਗ ਦੇ ਸਬੂਤ ਮਿਲੇ ਹਨ।

ਅਧਿਕਾਰੀਆਂ ਨੂੰ ਮੁੱਢਲੀ ਜਾਂਚ ਅਤੇ ਤਕਨੀਕੀ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਘਟਨਾ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਘਰ ਵਿਚ ਕੋਈ ਹੋਰ ਵਿਅਕਤੀ ਦਾਖਲ ਨਹੀਂ ਹੋਇਆ ਸੀ। ਰਿਪੋਰਟ ਮੁਤਾਬਕ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੁੰਕਾਰਾ ਕਾਫੀ ਤਣਾਅ ਵਿਚ ਸਨ। ਸੰਭਵ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ਅਤੇ ਦੋਵੇਂ ਬੱਚਿਆਂ ਨੂੰ ਮਾਰਿਆ ਹੋਵੇ ਅਤੇ ਫਿਰ ਖੁਦਕੁਸ਼ੀ ਕਰ ਲਈ ਹੋਵੇ।

ਪੁਲਸ ਅਧਿਕਾਰੀ ਦਾ ਕਹਿਣਾ ਹੈ,''ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਜਦੋਂ ਤੱਕ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਨਹੀਂ ਮਿਲ ਜਾਂਦੇ ਉਦੋਂ ਤੱਕ ਅਸੀਂ ਆਪਣੀ ਜਾਂਚ ਜਾਰੀ ਰੱਖਾਂਗੇ।'' ਹੁਣ ਤੱਕ ਮੌਤ ਦੇ ਪਿੱਛੇ ਦੇ ਕਾਰਨਾਂ ਬਾਰੇ ਪਤਾ ਨਹੀਂ ਚੱਲ ਪਾਇਆ ਹੈ। ਨਾਲ ਹੀ ਕਿਸੇ ਸ਼ੱਕੀ ਦੀ ਪਛਾਣ ਨਹੀਂ ਹੋ ਪਾਈ ਹੈ। ਸਥਾਨਕ ਪੁਲਸ ਮੁਤਾਬਕ ਚੰੰਦਰਸ਼ੇਖਰ ਬੀਤੇ 11 ਸਾਲ ਤੋਂ ਇਨਫੋਰਮੇਸ਼ਨ ਤਕਨਾਲੋਜੀ ਡਿਪਾਰਟਮੈਂਟ ਵਿਚ ਕੰਮ ਕਰਦੇ ਸਨ। ਰਿਕਾਰਡ ਤੋਂ ਪਤਾ ਚੱਲਿਆ ਹੈ ਕਿ ਇਹ ਪਰਿਵਾਰ ਇੱਥੇ ਮਾਰਚ ਤੋਂ ਰਹਿ ਰਿਹਾ ਸੀ। ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੇ ਬਾਅਦ ਪਤਾ ਲੱਗੇਗਾ।


Vandana

Content Editor

Related News