ਮਸਕ ਨੂੰ ਝਟਕਾ, ਅਦਾਲਤ ਨੇ DOGE ਨੂੰ ਖਜ਼ਾਨਾ ਵਿਭਾਗ ਤੱਕ ਪਹੁੰਚ ਕਰਨ ਤੋਂ ਰੋਕਿਆ
Saturday, Feb 08, 2025 - 05:17 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਇੱਕ ਸੰਘੀ ਜੱਜ ਨੇ ਸ਼ਨੀਵਾਰ ਸਵੇਰੇ ਐਲੋਨ ਮਸਕ ਦੀ ਅਗਵਾਈ ਵਾਲੇ ਸਰਕਾਰੀ ਕੁਸ਼ਲਤਾ ਵਿਭਾਗ (DOGE) ਨੂੰ ਖਜ਼ਾਨਾ ਵਿਭਾਗ ਦੇ ਰਿਕਾਰਡ ਪ੍ਰਾਪਤ ਕਰਨ ਤੋਂ ਰੋਕ ਦਿੱਤਾ, ਜਿਸ ਵਿੱਚ ਲੱਖਾਂ ਅਮਰੀਕੀਆਂ ਦੇ ਸਮਾਜਿਕ ਸੁਰੱਖਿਆ ਅਤੇ ਬੈਂਕ ਖਾਤਾ ਨੰਬਰ ਵਰਗੇ ਸੰਵੇਦਨਸ਼ੀਲ ਨਿੱਜੀ ਡਾਟਾ ਸ਼ਾਮਲ ਹਨ। ਅਮਰੀਕੀ ਜ਼ਿਲ੍ਹਾ ਜੱਜ ਪਾਲ ਐਂਜਲਮੇਅਰ ਨੇ ਇਹ ਹੁਕਮ 19 ਡੈਮੋਕ੍ਰੇਟਿਕ ਅਟਾਰਨੀ ਜਨਰਲਾਂ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਜਾਰੀ ਕੀਤਾ।
ਨਿਊਯਾਰਕ ਸਿਟੀ ਦੀ ਸੰਘੀ ਅਦਾਲਤ ਵਿੱਚ ਦਾਇਰ ਇਸ ਮਾਮਲੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਨੇ ਮਸਕ ਦੀ ਟੀਮ ਨੂੰ ਖਜ਼ਾਨਾ ਵਿਭਾਗ ਦੀ ਕੇਂਦਰੀ ਭੁਗਤਾਨ ਪ੍ਰਣਾਲੀ ਤੱਕ ਪਹੁੰਚ ਦੀ ਆਗਿਆ ਦੇ ਕੇ ਸੰਘੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਇਸ ਭੁਗਤਾਨ ਪ੍ਰਣਾਲੀ ਤਹਿਤ ਰਿਫੰਡ, ਸਮਾਜਿਕ ਸੁਰੱਖਿਆ ਲਾਭ, ਸਾਬਕਾ ਸੈਨਿਕਾਂ ਦੇ ਲਾਭ ਅਤੇ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਜਾਂਦੀਆਂ ਹਨ। ਟਰੰਪ ਪ੍ਰਸ਼ਾਸਨ ਨੇ ਮਸਕ ਦੀ ਅਗਵਾਈ ਹੇਠ ਸਰਕਾਰੀ ਕੁਸ਼ਲਤਾ ਵਿਭਾਗ (DOGE) ਦਾ ਗਠਨ ਕੀਤਾ ਤਾਂ ਜੋ ਸਰਕਾਰੀ ਫਜ਼ੂਲ ਖਰਚਿਆਂ ਦਾ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਖਤਮ ਕੀਤਾ ਜਾ ਸਕੇ।