ਅਮਰੀਕਾ : ਮੈਕਸੀਕਨ ਡਰੱਗ ਗਿਰੋਹ ਨਾਲ ਗੋਲੀਬਾਰੀ ’ਚ ਉੱਤਰੀ ਕੈਰੋਲੀਨਾ ਦੇ ਅਧਿਆਪਕ ਦੀ ਮੌਤ
Saturday, Apr 17, 2021 - 03:24 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਪਿਛਲੇ ਹਫਤੇ ਮੈਕਸੀਕੋ ਦੇ ਇੱਕ ਡਰੱਗ ਗਿਰੋਹ ਦੇ ਮੈਂਬਰਾਂ ਨਾਲ ਹੋਈ ਗੋਲੀਬਾਰੀ ’ਚ ਉੱਤਰੀ ਕੈਰੋਲੀਨਾ ਦੇ ਇੱਕ ਅਧਿਆਪਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਬਾਰਨੇ ਹੈਰਿਸ ਨਾਂ ਦਾ ਇਹ ਵਿਅਕਤੀ, ਜੋ ਮੁਨਰੋ ਦੀ ਯੂਨੀਅਨ ਅਕੈਡਮੀ ’ਚ ਬਾਸਕਟਬਾਲ ਦੀ ਸਿਖਲਾਈ ਤੇ ਕੋਚਿੰਗ ਦਿੰਦਾ ਸੀ ਤੇ ਉਸ ਦਾ ਜੀਜਾ ਸਟੀਵਨ ਸਟੀਵਰਟ, ਪਿਛਲੇ ਵੀਰਵਾਰ ਨੂੰ ਗਿਰੋਹ ਵੱਲੋਂ ਵਰਤੇ ਗਏ ਟ੍ਰੇਲਰ ’ਚੋਂ ਨਸ਼ੇ ਤੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਸ਼ੈਰਿਫ, ਟੈਰੀ ਜੌਹਨਸਨ ਨੇ ਬੁੱਧਵਾਰ ਦੱਸਿਆ ਕਿ ਹੈਰਿਸ ਅਤੇ ਸਟੀਵਰਟ ਨੇ ਅਲਾਮੈਂਸ ਕਾਊਂਟੀ ਦੇ ਇੱਕ ਪਾਰਕ ’ਚ ਇਹ ਕਾਰਵਾਈ ਕੀਤੀ ਪਰ ਗਿਰੋਹ ਦੇ ਇੱਕ ਮੈਂਬਰ ਅਲੋਨਸੋ ਲਾਰਾ ਨਾਲ ਇਨ੍ਹਾਂ ਦਾ ਸਾਹਮਣਾ ਹੋ ਗਿਆ।
ਇਸ ਉਪਰੰਤ ਇਨ੍ਹਾਂ ਨੇ ਲਾਰਾ ਵੱਲੋਂ ਨਸ਼ਿਆਂ ਨੂੰ ਲੁਕਾਉਣ ਵਾਲੀ ਜਗ੍ਹਾ ਬਾਰੇ ਨਾ ਦੱਸਣ ’ਤੇ ਉਸ ਨੂੰ ਮਾਰ ਦਿੱਤਾ ਅਤੇ ਇਸੇ ਦੌਰਾਨ ਕਾਰਟਲ ਦੇ ਹੋਰ ਮੈਂਬਰ ਉੱਥੇ ਪਹੁੰਚੇ ਤੇ ਗੋਲੀਬਾਰੀ ’ਚ ਹੈਰਿਸ ਦੀ ਮੌਤ ਹੋ ਗਈ। ਜੌਹਨਸਨ ਅਨੁਸਾਰ ਹੈਰਿਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ ਪਰ ਉਹ ਕੰਮ ਨਹੀਂ ਕਰ ਸਕੀ।
ਇਸ ਸਬੰਧੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਟੀਵਰਟ ਨੂੰ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਉਸ ’ਤੇ ਕਤਲ ਅਤੇ ਹਥਿਆਰਬੰਦ ਲੁੱਟਾਂ ਦਾ ਦੋਸ਼ ਲਾਇਆ ਗਿਆ ਹੈ। ਪੁਲਸ ਅਧਿਕਾਰੀ ਜੌਹਨਸਨ ਨੇ ਦੱਸਿਆ ਕਿ ਟ੍ਰੇਲਰ ਨਾਲ ਸਬੰਧਿਤ ਦੂਜੇ ਮੈਂਬਰ ਡੇਨੀਅਲ ਲਾਰਾ ਦੀ ਕੋਕੀਨ ਦੀ ਸਮੱਗਲਿੰਗ ਦੇ ਸ਼ੱਕ ’ਚ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੇ ਹਨ, ਜਦਕਿ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਡੇਨੀਅਲ ਲਾਰਾ ਮੈਕਸੀਕੋ ਭੱਜ ਗਿਆ ਹੈ। ਅਧਿਕਾਰੀਆਂ ਨੂੰ ਟ੍ਰੇਲਰ ’ਚੋਂ ਲੱਗਭਗ 7000 ਡਾਲਰ ਤੇ ਦੋ ਪੌਂਡ ਕੋਕੀਨ ਬਰਾਮਦ ਹੋਈ ਹੈ।