ਵਾਲਮਾਰਟ ’ਚ ਵਿਕ ਰਹੇ ਭਗਵਾਨ ਦੀ ਫੋਟੋ ਵਾਲੇ ਅੰਡਰਵੀਅਰਜ਼ ਤੋਂ ਹਿੰਦੂ ਨਾਰਾਜ਼
Wednesday, Dec 04, 2024 - 08:50 PM (IST)
ਅਰਕਾਨਸਸ (ਅਮਰੀਕਾ), (ਵਿਸ਼ੇਸ਼)- ਨਾਰਾਜ਼ ਹਿੰਦੂਆਂ ਨੇ ਬੈਂਟਨਵਿਲੇ ਅਰਕਾਨਸਸ (ਅਮਰੀਕਾ) ਦੇ ਮੁੱਖ ਦਫਤਰ ਬਹੁ-ਰਾਸ਼ਟਰੀ ਰਿਟੇਲ ਕਾਰਪੋਰੇਸ਼ਨ ਵਾਲਮਾਰਟ ਨੂੰ ਹਿੰਦੂ-ਦੇਵੀ ਦੇਵਾਤਾਵਾਂ ਦੀਆਂ ਤਸਵੀਰਾਂ ਵਾਲੇ ਸਾਰੇ 74 ਕਿਸਮਾਂ ਦੇ ਅੰਡਰਵੀਅਰਜ਼ ਨੂੰ ਤੁਰੰਤ ਵਾਪਸ ਲੈਣ ਦੀ ਬੇਨਤੀ ਕੀਤੀ ਹੈ।
ਉੱਘੇ ਹਿੰਦੂ ਸਿਆਸਤਦਾਨ ਰਾਜਨ ਜ਼ੈੱਡ ਨੇ ਅੱਜ ਨੇਵਾਦਾ ਵਿਚ ਇਕ ਬਿਆਨ ’ਚ ਕਿਹਾ ਕਿ ਹਿੰਦੂ ਧਰਮ ਵਿਚ ਦੇਵੀ-ਦੇਵਤਾਵਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਮੰਦਰਾਂ ਜਾਂ ਘਰ ’ਚ ਪੂਜਿਆ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਦੀ ਕਮਰ ਨੂੰ ਸਜਾਉਣ ਜਾਂ ‘ਅੰਡਰਵੀਅਰ’ ਨੂੰ ‘ਸੈਕਸੀ’ ਦਿਖਾਉਣ ਲਈ।
ਯੂਨੀਵਰਸਲ ਸੋਸਾਇਟੀ ਆਫ ਹਿੰਦੂਇਜ਼ਮ ਦੇ ਪ੍ਰਧਾਨ ਜ਼ੈੱਡ ਨੇ ਵਾਲਮਾਰਟ ਦੇ ਸੀ.ਈ.ਓ. ਡਗ ਮੈਕਮਿਲਨ ਅਤੇ ਪ੍ਰਧਾਨ ਗ੍ਰੈਗਰੀ ਬੀ. ਪੇਨਰ ਨੂੰ ਭਗਵਾਨ ਗਣੇਸ਼ ਜੀ ਦੀ ਫੋਟੋ ਵਾਲੇ ਅੰਡਰਵੀਅਰਜ਼ ਵਾਪਸ ਲੈਣ ਤੋਂ ਇਲਾਵਾ ਰਸਮੀ ਤੌਰ ’ਤੇ ਮੁਆਫੀ ਮੰਗਣ ਦੀ ਵੀ ਅਪੀਲ ਕੀਤੀ ਹੈ।