ਟੋਰਾਂਟੋ ਯੂਨੀਵਰਸਿਟੀ ਲਈ ਰੀੜ੍ਹ ਦੀ ਹੱਡੀ ਬਣੇ ਵਿਦੇਸ਼ੀ ਵਿਦਿਆਰਥੀ

Tuesday, Feb 26, 2019 - 12:42 AM (IST)

ਟੋਰਾਂਟੋ ਯੂਨੀਵਰਸਿਟੀ ਲਈ ਰੀੜ੍ਹ ਦੀ ਹੱਡੀ ਬਣੇ ਵਿਦੇਸ਼ੀ ਵਿਦਿਆਰਥੀ

ਟੋਰਾਂਟੋ— ਕੌਮਾਂਤਰੀ ਵਿਦਿਆਰਥੀ ਕੈਨੇਡਾ ਦੀ ਅਰਥ ਵਿਵਸਥਾ ਲਈ ਕਿੰਨੇ ਕੁ ਮਹੱਤਵਪੂਰਨ ਹਨ, ਇਹ ਗੱਲ ਕੈਨੇਡੀਅਨ ਸਰਕਾਰ ਕਈ ਵਾਰ ਮੰਨ ਚੁੱਕੀਆਂ ਹਨ, ਤੇ ਹੁਣ ਯੂਨੀਵਰਸਿਟੀ ਆਫ ਟੋਰਾਂਟੋ ਸੰਬੰਧੀ ਕੁਝ ਅੰਕੜੇ ਸਾਹਮਣੇ ਆਏ, ਜੋ ਹੈਰਾਨੀਜਨਕ ਹਨ। ਇਨ੍ਹਾਂ 'ਚ ਦੱਸਿਆ ਗਿਆ ਹੈ ਕਿ ਯੂਨੀਵਰਸਿਟੀ ਦੀ ਸਰਕਾਰੀ ਫੰਡਿੰਗ ਤੋਂ ਵੀ ਜ਼ਿਆਦਾ ਪੈਸਾ ਕੌਮਾਂਤਰੀ ਵਿਦਿਆਰਥੀਆਂ ਤੋਂ ਪ੍ਰਾਪਤ ਹੁੰਦਾ ਹੈ।
ਬਾਹਰੀ ਮੁਲਕਾਂ ਤੋਂ ਆ ਕੇ ਯੂਨੀਵਰਸਿਟੀ ਆਫ ਟੋਰਾਂਟੋ 'ਚ ਦਾਖਲੇ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਪਿਛਲੇ 10 ਸਾਲਾਂ ਦੌਰਾਨ ਬਹੁਤ ਤੇਜ਼ੀ ਨਾਲ ਵਾਧਾ ਦਰਜ਼ ਕੀਤਾ ਗਿਆ। ਅੱਜ ਤੋਂ ਦਸ ਪਹਿਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਯੂਨੀਵਰਸਿਟੀ 'ਚ 10 ਫੀਸਦੀ ਕੌਮਾਂਤਰੀ ਵਿਦਿਆਰਥੀਆਂ ਸਨ, ਜਦੋਂ ਕਿ ਸਾਲ 2017 'ਚ ਇਹ ਗਿਣਤੀ ਵਧ ਕੇ 22 ਫੀਸਦੀ ਤੱਕ ਪਹੁੰਚ ਗਈ। ਅੱਜ ਹਾਲਾਤ ਇਹ ਹਨ ਕਿ ਯੂਨੀਵਰਸਿਟੀ ਦੀ ਕੁਲ ਆਮਦਨੀ 'ਚ 30 ਫੀਸਦੀ ਹਿੱਸੇਦਾਰੀ ਕੌਮਾਂਤਰੀ ਵਿਦਿਆਰਥੀ ਦੀ ਹੁੰਦੀ ਹੈ, ਜੋ ਕਿ 928.61 ਮਿਲੀਅਨ ਬਣਦੀ ਹੈ, ਜਦੋਂ ਕਿ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਗ੍ਰਾਂਟ ਅਤੇ ਡੋਮੈਸਟਿਕ ਟਿਊਸ਼ਨ ਫੀਸਦੀ ਕ੍ਰਮਵਾਰ 25 ਅਤੇ 25 ਫੀਸਦੀ ਹਨ। ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਯੂਨੀਵਰਸਿਟੀ ਲਈ ਇੰਨ੍ਹੀ ਜ਼ਿਆਦਾ ਲਾਹੇਵੰਦ ਸਾਬਤ ਹੋਈ ਕਿ 2007 ਤੋਂ ਯੂਨੀਵਰਸਿਟੀ 'ਚ ਚੀਨ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਪਿਛਲੇ ਸਾਲ ਵਿਦੇਸ਼ੀ ਅੰਡਰ ਗ੍ਰੈਜੂਏਟ ਵਿਦਿਆਰਥੀਆਂ 'ਚ 65 ਫੀਸਦੀ ਵਿਦਿਆਰਥੀ ਚੀਨ ਤੋਂ ਸਨ। ਪਰ ਮੌਜੂਦਾ ਸਮੇਂ 'ਚ ਦੋਵਾਂ ਦੇਸ਼ਾਂ ਦੇ ਦਰਮਿਆਨ ਵਿਵਾਦ ਚੱਲ ਰਿਹਾ ਹੈ ਤੇ ਮੂਡੀਜ਼ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਜੇਕਰ ਚੀਮ ਆਪਣੇ ਵਿਦਿਆਰਥੀਆਂ ਦੇ ਕੈਨੇਡਾ ਆ ਕੇ ਪੜਨ 'ਤੇ ਰੋਕ ਲਗਾ ਦਿੰਦਾ ਹੈ ਤਾਂ ਇਸ ਦਾ ਵੱਡਾ ਨੁਕਸਾਨ ਕੈਨੇਡੀਅਨ ਅਰਥ ਵਿਵਸਥਾ ਨੂੰ ਹੋਵੇਗਾ। ਚੀਨ ਤੋਂ ਬਾਅਦ ਵਾਰੀ ਭਾਰਤ ਦੀ ਆਉਂਦੀ ਹੈ। ਹਰ ਸਾਲ ਲੱਖਾਂ ਦੀ ਗਿਣਤੀ 'ਚ ਭਾਰਤੀ ਵਿਦਿਆਰਥੀ ਕੈਨੇਡਾ ਪੜਾਈ ਕਰਨ ਜਾਂਦੇ ਹਨ, ਜੋ ਇੱਥੋਂ ਦੀਆਂ ਯੂਨੀਵਰਸਿਟੀਆਂ ਅਤੇ ਸਰਕਾਰਾਂ ਦੀ ਆਮਦਨ 'ਚ ਵੱਡਾ ਯੋਗਦਾਨ ਪਾਉਂਦੇ ਹਨ।


author

satpal klair

Content Editor

Related News