ਅਮਰੀਕਾ : ਕੋਰੋਨਾ ਦੇ ਵਧਦੇ ਕਹਿਰ ਦਰਮਿਆਨ ਵ੍ਹਾਈਟ ਹਾਊਸ ਨੇ ਕੀਤੀ ਇਹ ਅਪੀਲ
Monday, Apr 19, 2021 - 02:17 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਜੰਗ ਜਾਰੀ ਹੈ। ਦੇਸ਼ ਦੇ ਹਰ ਬਾਲਗ ਦੇ ਸੋਮਵਾਰ ਨੂੰ ਕੋਰੋਨਾ ਵਾਇਰਸ ਟੀਕਾ ਲਗਵਾਉਣ ਦੇ ਯੋਗ ਹੋਣ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਟੀਕੇ ਦੀ ਮਹੱਤਤਾ ਦੱਸਦਿਆਂ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਵਾਇਰਸ ਦੇ ਵੱਖਵੱਖ ਰੂਪ, ਜਿਨ੍ਹਾਂ ’ਚ ਵਧੇਰੇ ਸੰਚਾਰਿਤ ਬੀ-117 ਰੂਪ ਤੇਜ਼ੀ ਨਾਲ ਸਾਹਮਣੇ ਆ ਰਿਹਾ ਹੈ ਅਤੇ ਤਕਰੀਬਨ 70,000 ਦੇ ਕਰੀਬ ਨਵੇਂ ਕੇਸ ਪ੍ਰਤੀ ਦਿਨ ਸਾਹਮਣੇ ਆ ਰਹੇ ਹਨ। ਵ੍ਹਾਈਟ ਹਾਊਸ ਦੇ ਕੋਰੋਨਾ ਸਲਾਹਕਾਰ ਐਂਡੀ ਸਲੈਵਿਟ ਨੇ ਸ਼ੁੱਕਰਵਾਰ ਦੱਸਿਆ ਕਿ ਅਮਰੀਕਾ ਮਹਾਮਾਰੀ ਨੂੰ ਹਰਾਉਣ ਦੀ ਰਾਹ ’ਤੇ ਹੈ ਅਤੇ ਦੇਸ਼ ਕੋਲ ਟੀਕਿਆਂ ਦੀ ਕਾਫ਼ੀ ਸਪਲਾਈ ਹੈ।
ਕੁਲ ਆਬਾਦੀ ਦੇ ਇੱਕ-ਤਿਹਾਈ ਤੋਂ ਵੱਧ ਲੋਕਾਂ ਨੇ ਵੈਕਸੀਨ ਦੀ ਇੱਕ ਖੁਰਾਕ ਹਾਸਲ ਕਰ ਲਈ ਹੈ, ਜਦਕਿ ਸਭ ਤੋਂ ਵੱਧ ਜੋਖਮ ਵਾਲੀ ਜਨਸੰਖਿਆ ਦੇ 80 ਫੀਸਦੀ ਬਾਲਗ ਅਤੇ 65 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਇੱਕ ਖੁਰਾਕ ਮਿਲੀ ਹੈ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੇ ਨਿਰਦੇਸ਼ਕ ਡਾ. ਰੋਸ਼ੇਲ ਵਾਲੈਂਸਕੀ ਅਨੁਸਾਰ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਦੇ ਮਾਰੂ ਰੂਪਾਂ ਜਿਵੇਂ ਕਿ ਬੀ-117, ਜੋ ਪਹਿਲਾਂ ਯੂ. ਕੇ. ’ਚ ਲੱਭੇ ਗਏ ਸਨ, ਨੇ ਯੂ. ਐੱਸ. ’ਚ ਆਪਣੇ ਪੈਰ ਪਸਾਰੇ ਹਨ। ਸੀ. ਡੀ. ਸੀ. ਦੇ ਅੰਕੜੇ ਦਰਸਾਉਂਦੇ ਹਨ ਕਿ ਮਾਰਚ ਦੇ ਅਖੀਰਲੇ ਹਫਤੇ ਦੌਰਾਨ ਇਸ ਦੇ 44 ਫੀਸਦੀ ਕੇਸ ਸਨ ਪਰ ਵਾਲੈਂਸਕੀ ਨੇ ਸ਼ੁੱਕਰਵਾਰ ਕਿਹਾ ਕਿ ਇਹ ਗਿਣਤੀ ਹੁਣ ਉਸ ਸਮੇਂ ਨਾਲੋਂ ਵੱਧ ਹੈ। ਮਿਸ਼ੀਗਨ ’ਚ ਮਾਰਚ ਦੇ ਆਖਰੀ ਹਫ਼ਤੇ ਤੋਂ ਬੀ-117 ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਵ੍ਹਾਈਟ ਹਾਊਸ ਦੀ ਕੋਰੋਨਾ ਵਾਇਰਸ ਰਿਸਪਾਂਸ ਟੀਮ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਪਾਬੰਦੀਆਂ ’ਚ ਢਿੱਲ ਵਾਇਰਸ ਦੇ ਫੈਲਣ ’ਚ ਯੋਗਦਾਨ ਪਾ ਰਹੀ ਹੈ। ਇਸ ਲਈ ਲੋਕਾਂ ਨੂੰ ਮਾਸਕ ਪਹਿਨਣ, ਆਪਣੇ ਹੱਥ ਧੋਣ ਅਤੇ ਟੀਕਾ ਲਗਵਾਉਣ ਦੀ ਅਪੀਲ ਕੀਤੀ ਗਈ ਹੈ।