ਅਮਰੀਕਾ : SC ਨੇ ਫੌਜ ''ਚ ਟਰਾਂਸਜੈਂਡਰਾਂ ਦੀ ਭਰਤੀ ''ਤੇ ਰੋਕ ਨੂੰ ਦਿੱਤੀ ਮਨਜ਼ੂਰੀ

01/23/2019 1:39:41 PM

ਵਾਸ਼ਿੰਗਟਨ (ਵਾਰਤਾ)— ਅਮਰੀਕਾ ਦੇ ਸੁਪਰੀਮ ਕੋਰਟ ਨੇ ਟਰਾਂਸਜੈਂਡਰਾਂ ਨੂੰ ਫੌਜ ਵਿਚ ਭਰਤੀ ਹੋਣ ਤੋਂ ਰੋਕਣ ਵਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ 5-4 ਨਾਲ ਮਨਜ਼ੂਰੀ ਦਿੱਤੀ। ਭਾਵੇਂਕਿ ਹੇਠਲੀ ਅਦਾਲਤਾਂ ਵਿਚ ਇਸ ਨੀਤੀ ਨੂੰ ਚੁਣੌਤੀ ਦੇਣ ਦੇ ਮਾਮਲੇ ਚੱਲਦੇ ਰਹਿਣਗੇ। 

ਇਕ ਸਮਾਚਾਰ ਏਜੰਸੀ ਮੁਤਾਬਕ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਇਸ ਨੀਤੀ ਦੇ ਤਹਿਤ ਟਰਾਂਸਜੈਂਡਰਾਂ ਨੂੰ ਫੌਜ ਵਿਚ ਭਰਤੀ ਹੋਣ ਤੋਂ ਰੋਕੇ ਜਾਣ ਦਾ ਪ੍ਰਬੰਧ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟਰਾਂਸਜੈਂਡਰਾਂ ਦੇ ਫੌਜ ਵਿਚ ਭਰਤੀ ਹੋਣ ਨਾਲ ਉਸ ਦੇ ਪ੍ਰਭਾਵ ਅਤੇ ਸਮੱਰਥਾ 'ਤੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਟਰਾਂਸਜੈਂਡਰਾਂ ਨੂੰ ਫੌਜ ਵਿਚ ਭਰਤੀ ਕਰਨ ਦੀ ਨੀਤੀ ਨੂੰ ਲਾਗੂ ਕੀਤਾ ਗਿਆ ਸੀ। ਇਸ ਨੀਤੀ ਦੇ ਤਹਿਤ ਨਾ ਸਿਰਫ ਟਰਾਂਸਜੈਂਡਰ ਫੌਜ ਵਿਚ ਭਰਤੀ ਹੋ ਸਕਦੇ ਸਨ ਸਗੋਂ ਉਨ੍ਹਾਂ ਨੂੰ ਲਿੰਗ ਸਰਜਰੀ ਲਈ ਵੀ ਸਰਕਾਰੀ ਮਦਦ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ। 

ਇਸ ਨੀਤੀ ਦੇ ਤਹਿਤ ਫੌਜ ਨੇ 1 ਜੁਲਾਈ, 2017 ਨੂੰ ਟਰਾਂਸਜੈਂਡਰਾਂ ਦੀ ਭਰਤੀ ਸ਼ੁਰੂ ਕਰਨੀ ਸੀ। ਟਰੰਪ ਪ੍ਰਸ਼ਾਸਨ ਨੇ ਇਸ ਨੀਤੀ ਨੂੰ 1 ਜਨਵਰੀ, 2018 ਤੱਕ  ਵਧਾ ਦਿੱਤਾ ਪਰ ਬਾਅਦ ਵਿਚ ਇਸ ਨੀਤੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਫੈਸਲਾ ਲਿਆ ਗਿਆ।


Vandana

Content Editor

Related News