ਢੱਡਰੀਆਂ ਵਾਲਿਆਂ ਦੇ ਹੱਕ ''ਚ ਡਟੀ ਪੀਸੀਏ ਅਤੇ ਗੁਰਦਵਾਰਾ ਸਿੰਘ ਸਭਾ ਫਰਿਜ਼ਨੋ ਕਮੇਟੀ

02/26/2020 4:55:48 PM

ਨਿਊਯਾਰਕ/ਫਰਿਜ਼ਨੋ (ਰਾਜ ਗੋਗਨਾ): ਪਿਛਲੇ ਦਿਨੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਪੰਜਾਬ ਤੇ ਦੁਨੀਆ ਦੇ ਹੋਰ ਵੱਖ-ਵੱਖ ਕੋਨਿਆਂ 'ਚ ਸਟੇਜਾਂ ਲਗਾ ਕੇ ਸਿੱਖ ਧਰਮ ਦਾ ਪ੍ਰਚਾਰ ਛੱਡਣ ਦਾ ਐਲਾਨ ਕਰਨ ਦੇ ਕਾਰਨਾਂ ਦਾ ਖੁਲਾਸਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਚੈਲੇਂਜ ਕੀਤਾ ਹੈ ਕਿ ਉਹ ਚੈਨਲ 'ਤੇ ਆ ਕੇ ਉਨ੍ਹਾਂ ਨਾਲ ਸੰਵਾਦ ਕਰਨ ਨੂੰ ਤਿਆਰ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜਾਰੀ ਇਕ ਵੀਡਿਓ ਰਾਹੀਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ ਉਹ ਜਿੱਥੇ ਵੀ ਧਾਰਮਿਕ ਦੀਵਾਨ ਲਗਾਉਂਦੇ ਹਨ, ਉਥੇ ਹੀ ਭਾਈ ਅਮਰੀਕ ਸਿੰਘ ਅਜਨਾਲਾ ਤੇ ਹੋਰ ਜੱਥੇਬੰਦੀਆਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇੱਥੋਂ ਤੱਕ ਖੂਨ-ਖਰਾਬਾ ਅਤੇ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਜਾਨ ਦਾ ਡਰ ਨਹੀਂ ਹੈ ਪਰ ਧਾਰਮਿਕ ਦੀਵਾਨਾਂ ਦੌਰਾਨ ਜੇਕਰ ਕਿਤੇ ਟਕਰਾਅ ਹੋ ਗਿਆ ਤਾਂ ਇਸ ਨਾਲ ਕਈ ਕੀਮਤੀ ਜਾਨਾਂ ਤੱਕ ਜਾ ਸਕਦੀਆਂ ਹਨ ਜਿਸਦੇ ਬਚਾਅ ਲਈ ਉਨ੍ਹਾਂ ਫਿਲਹਾਲ ਧਾਰਮਿਕ ਦੀਵਾਨ ਨਾ ਲਗਾਉਣ ਦਾ ਫੈਸਲਾ ਲਿਆ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਭਾਈ ਅਜਨਾਲਾ ਵਲੋਂ ਹਮੇਸ਼ਾ ਹੀ ਉਨ੍ਹਾਂ ਖਿਲਾਫ਼ ਇਸ ਤਰਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਢੱਡਰੀਆਂ ਵਾਲਾ ਸਿੱਖ ਧਰਮ ਦੀਆਂ ਕੁੱਝ ਵਿਵਾਦਿਤ ਗੱਲਾਂ ਬਾਰੇ ਬੈਠ ਕੇ ਸੰਵਾਦ ਨਹੀਂ ਕਰਦਾ, ਜਿਸ ਲਈ ਉਹ ਭਾਈ ਅਜਨਾਲਾ ਨੂੰ ਚੈਲੇਂਜ ਕਰਦੇ ਹਨ ਕਿ ਮਾਰਚ ਮਹੀਨੇ 'ਚ ਉਹ ਚੈਨਲ 'ਤੇ ਉਨ੍ਹਾਂ ਨੂੰ ਸੱਦਾ ਦੇਣਗੇ ਅਤੇ ਇੱਕ ਘੰਟੇ ਦਾ ਸਮਾਂ ਵਿਚਾਰ ਲਈ ਰੱਖਿਆ ਜਾਵੇਗਾ। ਜਿਸ ਦੌਰਾਨ 40 ਮਿੰਟ ਅਜਨਾਲਾ ਉਹਨਾਂ ਨੂੰ ਸਵਾਲ ਕਰੇ ਤੇ ਉਹ ਉਨ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਦੇਣਗੇ, ਉਥੇ ਦੂਜੇ ਪਾਸੇ 20 ਮਿੰਟ ਦੇ ਸਮੇਂ ਦੌਰਾਨ ਅਜਨਾਲਾ ਨੂੰ ਵੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਅਤੇ ਗਲਤ-ਠੀਕ ਦਾ ਫੈਸਲਾ ਸੰਗਤ ਕਰੇਗੀ। 

ਇਸੇ ਤਰ੍ਹਾਂ ਦੀ ਬੇਨਤੀ ਉਹਨਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕੀਤੀ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉਪਰੋਕਤ ਫ਼ੈਸਲਿਆਂ ਦੀ ਪ੍ਰੋੜ੍ਹਤਾ ਕਰਨ ਲਈ ਫਰਿਜ਼ਨੋ (ਕੈਲੀਫੋਰਨੀਆ) ਦੇ ਗੁਰਦਵਾਰਾ ਸਿੰਘ ਸਭਾ ਵਿਖੇ ਕਮੇਟੀ ਮੈਂਬਰਾਂ ਦੇ ਨਾਲ-ਨਾਲ ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਦੇ ਮੈਂਬਰਾਂ ਦੀ ਇੱਕ ਅਹਿੰਮ ਮੀਟਿੰਗ ਹੋਈ, ਜਿਸ ਵਿੱਚ ਸਮੂਹ ਮੈਂਬਰਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਪੁਰ-ਜ਼ੋਰ ਡੱਟਵੀ ਹਮਾਇਤ ਕਰਨ ਦਾ ਫੈਸਲਾ ਲਿਆ। ਇਹਨਾਂ ਦੋਹਾਂ ਸੰਸਥਾਵਾਂ ਦੇ ਮੈਂਬਰਾਂ ਨੇ ਕਿਹਾ ਹੈ ਕਿ ਸਿੱਖ ਧਰਮ ਅੰਦਰ ਕਰਾਮਾਤਾਂ ਅਤੇ ਡੇਰਾਬਾਦ ਲਈ ਕੋਈ ਜਗ੍ਹਾ ਨਹੀਂ, ਜੇਕਰ ਕੋਈ ਇਨਸਾਨ ਗੁਰਬਾਣੀ ਦੀ ਰੋਸ਼ਨੀ ਵਿੱਚ ਤਰਕ ਨਾਲ ਪੁਜਾਰੀਵਾਦਤਾ ਦਾ ਵਿਰੋਧ ਕਰਦਾ ਹੈ ਅਸੀਂ ਉਸਦੀ ਪੁਰ-ਜ਼ੋਰ ਹਮਾਇਤ ਕਰਦੇ ਹਾਂ। 
ਇਸ ਮੌਕੇ ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਦੇ ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਸ਼ਿਕਵਾ ਜ਼ਾਹਿਰ ਕਰਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਛਬੀਲ ਵਰਗੀ ਪਵਿੱਤਰ ਮਰਿਆਦਾ ਦੀ ਆੜ੍ਹ ਹੇਠ ਉਨ੍ਹਾਂ ਨੇ ਢੱਡਰੀਆਂ ਵਾਲੇ ਦੇ ਇਕ ਸਾਥੀ ਨੂੰ ਕਤਲ ਕਰ ਦਿੱਤਾ ਸੀ ਪਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਲੋਂ ਇਸ ਘਿਨੌਣੀ ਹੱਤਿਆ ਬਾਰੇ ਇਕ ਵੀ ਨਿੰਦਾ ਵਾਲਾ ਸ਼ਬਦ ਮੂੰਹੋਂ ਨਹੀਂ ਨਿਕਲਿਆ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਬੇਨਤੀ ਕੀਤੀ ਕਿ ਉਹ ਅਕਸਰ ਅਖ਼ਬਾਰਾਂ 'ਚ ਬਿਆਨ ਦਿੰਦੇ ਹਨ ਕਿ ਢੱਡਰੀਆਂ ਵਾਲਾ ਕਮੇਟੀ ਨਾਲ ਬੈਠ ਕੇ ਮਸਲੇ ਦਾ ਹੱਲ ਕਰੇ। 

ਉਨ੍ਹਾਂ ਕਿਹਾ ਕਿ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਹਰੇਕ ਵਿਵਾਦਿਤ ਮਸਲੇ ਬਾਰੇ ਚੈਨਲ 'ਤੇ ਬੈਠ ਕੇ ਸੰਵਾਦ ਕਰਨ ਨੂੰ ਤਿਆਰ ਹੈ ਤਾਂ ਜੋ ਸਾਰੀ ਗੱਲਬਾਤ ਦੁਨੀਆ ਦੇਖ ਸਕੇ, ਹੁਣ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਤਜਵੀਜ਼ ਮਨਜ਼ੂਰ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰੂ-ਘਰ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਗੁਰੂ ਸਾਹਿਬ ਦੇ ਅਸਥਾਨਾਂ ਨੂੰ ਢਾਹ ਦਿਉ ਅਤੇ ਸਰੋਵਰਾਂ ਨੂੰ ਬੰਦ ਕਰ ਦਿਓ, ਉਹ ਸਾਰੇ ਧਾਰਮਿਕ ਅਸਥਾਨਾਂ ਦਾ ਸਤਿਕਾਰ ਕਰਦੇ ਹਨ ਪਰ ਉਹ ਡੇਰੇਦਾਰਾਂ ਦੀਆਂ ਝੂਠੀਆਂ ਪਰੰਪਰਾਵਾਂ ਦਾ ਵਿਰੋਧ ਕਰਦੇ ਹਨ ਅਤੇ ਸਾਡੇ ਗੁਰੂ ਸਾਹਿਬਾਨਾਂ ਵਲੋਂ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਗੁਰਬਾਣੀ ਦਾ ਗਿਆਨ ਸਭ ਤੋਂ ਉਤਮ ਮੰਨਦੇ ਹਨ। 

ਉਨ੍ਹਾਂ ਕਿਹਾ ਕਿ ਪੁਜਾਰੀ ਵਰਗ ਦੇ ਚੁੰਗਲ 'ਚੋਂ ਲੋਕਾਂ ਨੂੰ ਕੱਢਣ ਲਈ ਗੁਰੂ ਸਾਹਿਬਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਪਰ ਅੱਜ ਵੀ ਪੁਜਾਰੀ ਵਰਗ ਸਾਡੀ ਸਿੱਖ ਕੌਮ ਨੂੰ ਕਰਾਮਾਤੀ ਢਾਂਚੇ ਨਾਲ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੱਕ ਹੀ ਸੀਮਿਤ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਜਾਰੀ ਵਰਗ ਤੇ ਅੱਜ ਦੇ ਬਾਬਿਆਂ ਨੇ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਨਹੀਂ ਕੀਤਾ ਅਤੇ ਜੇਕਰ ਕਿਸੇ ਵੀ ਵਿਅਕਤੀ ਨੇ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਪੰਥ 'ਚੋਂ ਛੇਕ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਸਿੱਖ ਸੰਗਤ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਦੀ ਬਜਾਏ ਸਾਡੇ ਗੁਰੂ ਸਾਹਿਬਾਨਾਂ ਤੇ ਭਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਵਿਚਾਰਧਾਰਾ ਨੂੰ ਪੜ੍ਹ ਕੇ ਜਾਗਰੂਕ ਹੋਵੇ।

ਇਸ ਮੌਕੇ ਗੁਰਪ੍ਰੀਤ ਸਿੰਘ ਮਾਨ ਨੇ ਇਹ ਵੀ ਸ਼ਪੱਸ਼ਟ ਕੀਤਾ ਕਿ ਗੁਰਦਵਾਰਾ ਸਿੰਘ ਸਭਾ ਫਰਿਜ਼ਨੋ ਦੀ ਸਟੇਜ਼ ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ਿਆ ਲਈ ਹਮੇਸ਼ਾਂ ਖੁੱਲ੍ਹੀ ਹੈ ਅਤੇ ਹੋਰ ਵੀ ਕੋਈ ਪ੍ਰਚਾਰਕ ਜੋ ਗੁਰਬਾਣੀ ਦੀ ਰੌਸ਼ਨੀ ਵਿੱਚ ਸ਼ਬਦ ਗੁਰੂ ਨਾਲ ਸੰਗਤ ਨੂੰ ਜੋੜਦਾ ਹੋਵੇ ਕਦੇ ਵੀ ਸਾਡੀ ਸਟੇਜ਼ ਤੋਂ ਆਪਣੇ ਵਿਚਾਰ ਰੱਖ ਸਕਦਾ ਹੈ। ਇਸ ਮੌਕੇ ਪੀਸੀਏ ਮੈਂਬਰ ਸੁਖਬੀਰ ਸਿੰਘ ਭੰਡਾਲ ਨੇ ਕਿਹਾ ਕਿ ਜਿਹੜਾ ਵੀ ਪ੍ਰਚਾਰਕ ਗੁਰਬਾਣੀ ਦੀ ਰੋਸ਼ਨੀ ਵਿੱਚ ਸਿੱਖ ਕੌਮ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰੇਗਾ, ਉਸਨੂੰ ਇਸ ਤਰਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਇਸ ਸਮੇਂ ਇੱਕ ਸੋਚ ਵਾਲੇ ਸਮੂਹ ਪ੍ਰਚਾਰਕ ਚਾਹੇ ਉਹ ਮਿਸ਼ਨਰੀ ਹੋਣ, ਚਾਹੇ ਪੰਥ ਪ੍ਰੀਤ ਹੋਵੇ ਜਾਂ ਕੋਈ ਹੋਰ, ਸਭਨਾਂ ਨੂੰ ਅਗਲੇ ਪਿਛਲੇ ਵਿਵਾਦ ਭੁੱਲਕੇ ਢੱਡਰੀਆਂ ਵਾਲੇ ਦੇ ਹੱਕ ਵਿੱਚ ਡਟਣਾ ਚਾਹੀਦਾ ਹੈ ਨਹੀਂ ਫੇਰ ਸਭ ਸੱਚ 'ਤੇ ਪਹਿਰਾ ਦੇਣ ਵਾਲੇ ਪ੍ਰਚਾਰਕ ਇਸ ਵਰਤਾਰੇ ਦਾ ਸ਼ਿਕਾਰ ਹੋਣ ਲਈ ਤਿਆਰ ਰਹਿਣ। 

ਉਹਨਾਂ ਕਿਹਾ ਕਿ ਅਸੀਂ ਸਭ ਵੰਡੀਆਂ ਤੋਂ ਉੱਪਰ ਉੱਠਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਹਮਾਇਤ ਕਰਦੇ ਹਾਂ ਅਤੇ ਡੇਰੇਦਾਰਾਂ ਦੇ ਖ਼ਿਲਾਫ਼ ਉਹਨਾਂ ਦੀ ਇਸ ਮੁਹਿੰਮ ਵਿੱਚ ਡਟਕੇ ਸਾਥ ਦੇਣ ਦਾ ਐਲਾਨ ਕਰਦੇ ਹਾਂ, ਅਤੇ ਆਉਣ ਵਾਲੇ ਭਵਿੱਖ ਵਿੱਚ ਜਦੋਂ ਵੀ ਉਹ ਅਮਰੀਕਾ ਦੀ ਧਰਤੀ ਤੇ ਆਉਂਦੇ ਹਨ ਤਾਂ ਫਰਿਜ਼ਨੋ ਵਿੱਖੇ ਅਸੀਂ ਗੁਰਦਵਾਰਾ ਸਿੰਘ ਸਭਾ ਵਿਖੇ ਉਹਨਾਂ ਦੇ ਦੀਵਾਨ ਕਰਵਾਉਣ ਦਾ ਅਹਿਦ ਵੀ ਕਰਦੇ ਹਾਂ। ਇਸ ਮੌਕੇ ਉਹਨਾਂ ਢੱਡਰੀਆਂ ਵਾਲਿਆਂ ਵੱਲੋਂ ਦੀਵਾਨ ਬੰਦ ਕਰਨ ਨੂੰ ਸਿੱਖ ਕੌਮ ਲਈ ਮੰਦਭਾਗਾ ਦੱਸਿਆ ਅਤੇ ਉਹਨਾਂ ਅਖੀਰ ਵਿੱਚ ਫਰੀਡਮ ਆਫ ਸਪੀਚ (ਬੋਲਣ ਦੀ ਆਜ਼ਾਦੀ) ਦਾ ਹਵਾਲਾ ਦੇਕੇ ਕਿਹਾ ਕਿ ਹਰ ਕਿਸੇ ਦੇ ਵਿਚਾਰ ਵੱਖੋ ਵੱਖ ਹੋ ਸਕਦੇ ਹਨ, ਇਸਦਾ ਇਹ ਮਤਲਬ ਨਹੀਂ ਕਿ ਅਸੀਂ ਕਿਸੇ ਦੇ ਦੀਵਾਨ ਹੀ ਬੰਦ ਕਰ ਦੇਈਏ। 

ਉਹਨਾਂ ਦਮਦਮੀ ਟਕਸਾਲ ਅਤੇ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਕੂੜ੍ਹ ਦਾ ਪੱਲ੍ਹਾ ਛੱਡਕੇ ਗੁਰਬਾਣੀ ਦੇ ਅਧਾਰ ਤੇ ਸਭਨਾਂ ਗੁਰੂ ਘਰਾਂ ਵਿੱਚ ਇੱਕ ਸਿਲੇਬਸ ਲਾਗੂ ਕਰਨ ਦੀ ਵੀ ਗੱਲ ਕਹੀ ਅਤੇ ਕਿਹਾ ਕਿ ਆਓ ਆਪਾਂ ਸਾਰੇ ਪਖੰਡ ਤੋਂ ਉੱਪਰ ਉੱਠਕੇ ਗੁਰੂ ਉਪਦੇਸ਼ ਤੇ ਪਹਿਰਾ ਦਿੰਦੇ ਹੋਏ ਡੇਰੇਦਾਰਾਂ ਦੇ ਚੁੰਗਲ ਤੋਂ ਸਿੱਖ ਕੌਮ ਨੂੰ ਆਜ਼ਾਦ ਕਰਵਾਈਏ ਅਤੇ ਸਿੱਖ ਕੌਮ ਵਿੱਚ ਪਈਆਂ ਵੰਡੀਆਂ ਨੂੰ ਮਿਟਾਈਏ। 


Vandana

Content Editor

Related News