ਟਰੰਪ ਵਿਰੁੱਧ ਮਹਾਦੋਸ਼ ਦੀਆਂ ਧਾਰਾਵਾਂ ਦੀ ਸੁਣਵਾਈ ਬੁੱਧਵਾਰ ਤੋਂ

12/11/2019 11:03:48 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਸ਼ਕਤੀਸ਼ਾਲੀ ਸੰਸਦੀ ਕਮੇਟੀ ਮਹਾਦੋਸ਼ ਦੀਆਂ ਉਹਨਾਂ ਦੋ ਧਾਰਾਵਾਂ 'ਤੇ ਬੁੱਧਵਾਰ ਤੋਂ ਚਰਚਾ ਸ਼ੁਰੂ ਕਰੇਗੀ, ਜਿਸ ਦੇ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਦੋਸ਼ ਲਗਾਏ ਗਏ ਹਨ। ਟਰੰਪ 'ਤੇ ਦੋਸ਼ ਹਨ ਕਿ ਉਹਨਾਂ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸੰਭਾਵਿਤ ਵਿਰੋਧੀ ਜੋਅ ਬਿਡੇਨ ਸਮੇਤ ਆਪਣੇ ਵਿਰੋਧੀਆਂ ਦਾ ਅਕਸ ਖਰਾਬ ਕਰਨ ਲਈ ਯੂਕਰੇਨ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਮਦਦ ਮੰਗੀ। ਇਸ ਸੰਬੰਧ ਵਿਚ ਡੈਮੋਕ੍ਰੇਟਸ ਨੇ ਮੰਗਲਵਾਰ ਨੂੰ ਉਹਨਾਂ 'ਤੇ ਮਹਾਦੋਸ਼ ਦੀਆਂ ਦੋ ਧਾਰਾਵਾਂ ਦੇ ਤਹਿਤ ਦੋਸ਼ ਲਗਾਏ ਸਨ। 

ਕਾਂਗਰਸ ਦੀ ਨਿਆਂਇਕ ਕਮੇਟੀ ਇਹਨਾਂ ਦੋਹਾਂ ਧਾਰਾਵਾਂ 'ਤੇ ਬੁੱਧਵਾਰ ਅਤੇ ਵੀਰਵਾਰ ਨੂੰ ਜਨਤਕ ਚਰਚਾ ਕਰੇਗੀ। ਸਦਨ ਵਿਚ ਇਹਨਾਂ 'ਤੇ ਵੋਟਿੰਗ ਲਈ ਕੋਈ ਸਮੇਂ ਸੀਮਾ ਤੈਅ ਨਹੀਂ ਕੀਤੀ ਗਈ ਹੈ। ਟਰੰਪ ਦੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੇਲੇਂਸਕੀ ਦੇ ਨਾਲ ਜੁਲਾਈ ਵਿਚ ਫੋਨ 'ਤੇ ਗੱਲਬਾਤ ਦੇ ਸੰਬੰਧ ਵਿਚ ਸਤੰਬਰ ਵਿਚ ਇਕ ਅਗਿਆਤ ਵ੍ਹੀਸਲਬਲੋਅਰ ਦੇ ਸ਼ਿਕਾਇਤ ਕਰਨ ਦੇ ਬਾਅਦ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। 'ਹਾਊਸ ਜੂਡੀਸ਼ਰੀ ਕਮੇਟੀ' ਦੇ ਪ੍ਰਧਾਨ ਜੇਰੀ ਨਾਡਲਰ ਨੇ ਦੋਸ਼ ਲਗਾਇਆ ਸੀ ਕਿ ਟਰੰਪ ਆਪਣੇ ਫਾਇਦੇ ਲਈ 2020 ਦੀਆਂ ਚੋਣਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਇਸ ਵਿਚ ਟਰੰਪ ਨੇ ਕਿਹਾ ਕਿ ਡੈਮੋਕ੍ਰੇਟ ਦੀਆਂ ਮਹਾਦੋਸ਼ ਦੀਆਂ ਧਾਰਾਵਾਂ ਬਹੁਤ ਕਮਜ਼ੋਰ ਹਨ ਅਤੇ ਨਾਲ ਹੀ ਉਹਨਾਂ ਨੇ ਆਪਣੇ ਕੁਝ ਗਲਤ ਨਾ ਕਰਨ ਦੀ ਗੱਲ ਵੀ ਦੁਹਰਾਈ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''ਰੀਪਬਲਿਕਨ ਇਕੱਠੇ ਹਨ, ਇਹ ਇਕ ਸਾਜਿਸ਼ ਹੈ। ਇਹ ਇਕ ਘਿਨਾਉਣੀ ਚੀਜ਼ ਹੈ, ਡੈਮੋਕ੍ਰੇਟਸ ਵੀ ਕੁਝ ਖਾਸ ਲੱਭ ਨਹੀਂ ਪਾਏ ਹਨ ਕਿਉਂਕਿ ਉਹਨਾਂ ਨੇ ਦੋ ਧਾਰਾਵਾਂ ਰੱਖੀਆਂ ਹਨ ਜੋ ਸੱਚ ਕਹਾਂ ਤਾਂ ਬਹੁਤ ਕਮਜ਼ੋਰ ਹਨ। ਉਹ ਕਾਫੀ ਕਮਜ਼ੋਰ ਹਨ।''
 


Vandana

Content Editor

Related News