ਟਰੰਪ ਦੀ ਚਿਤਾਵਨੀ, ਕਿਹਾ-''ਤੁਰਕੀ ਦੀ ਅਰਥਵਿਵਸਥਾ ਨੂੰ ਕਰ ਦੇਵਾਂਗੇ ਬਰਬਾਦ''

Tuesday, Oct 15, 2019 - 11:05 AM (IST)

ਟਰੰਪ ਦੀ ਚਿਤਾਵਨੀ, ਕਿਹਾ-''ਤੁਰਕੀ ਦੀ ਅਰਥਵਿਵਸਥਾ ਨੂੰ ਕਰ ਦੇਵਾਂਗੇ ਬਰਬਾਦ''

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ-ਪੂਰਬੀ ਸੀਰੀਆ ਵਿਚ ਤੁਰਕੀ ਦੀ ਮਿਲਟਰੀ ਕਾਰਵਾਈ ਦੇ ਵਿਰੋਧ ਵਿਚ ਤੁਰਕੀ ਅਧਿਕਾਰੀਆਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਆਪਣੇ ਐਲਾਨ ਵਿਚ ਟਰੰਪ ਨੇ ਕਿਹਾ ਕਿ ਜੇਕਰ ਤੁਰਕੀ ਤਬਾਹੀ ਦੇ ਰਸਤੇ 'ਤੇ ਵੱਧਦਾ ਚਲਾ ਗਿਆ ਤਾਂ ਅਸੀਂ ਉਸ ਦੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਬਰਬਾਦ ਕਰਨ ਲਈ ਤਿਆਰ ਹਾਂ। ਇਸ ਦੇ ਨਾਲ ਹੀ ਸਟੀਲ 'ਤੇ ਫੀਸ ਵਧਾਉਂਦੇ ਹੋਏ ਅਮਰੀਕਾ ਨੇ 100 ਅਰਬ ਡਾਲਰ ਦੇ ਵਪਾਰ ਸੌਦੇ 'ਤੇ ਗੱਲਬਾਤ ਵੀ ਬੰਦ ਕਰ ਦਿੱਤੀ ਹੈ। 

ਟਰੰਪ ਦੇ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕਰਨ ਦੇ ਨਾਲ ਹੀ ਪ੍ਰਸ਼ਾਸਨ ਨੂੰ ਤੁਰਕੀ 'ਤੇ ਪਾਬੰਦੀ ਲਗਾਉਣ ਦਾ ਅਧਿਕਾਰ ਮਿਲ ਗਿਆ। ਵਿੱਤ ਮੰਤਰਾਲੇ ਤੁਰਕੀ ਦੇ ਰੱਖਿਆ ਮੰਤਰੀ ਹੁਲਸੀ ਅਕਾਰ, ਅੰਦਰੂਨੀ ਮੰਤਰੀ ਸੁਲੇਮਾਨ ਸੋਯਲੂ ਅਤੇ ਊਰਜਾ ਮੰਤਰੀ ਫਾਤਿਹ ਡੋਨਮੇਜ ਨੂੰ ਆਪਣੀ ਪਾਬੰਦੀ ਸੂਚੀ ਵਿਚ ਪਹਿਲਾਂ ਹੀ ਪਾ ਚੁੱਕਾ ਹੈ। ਉੱਥੇ ਟਰੰਪ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੈਲੋਸੀ ਨੂੰ ਭੇਜੀ ਇਕ ਚਿੱਠੀ ਵਿਚ ਤੁਰਕੀ ਮਾਮਲੇ ਨੂੰ ਇਕ ਰਾਸ਼ਟਰੀ ਆਫਤ ਦੱਸਿਆ ਹੈ। 

ਅਮਰੀਕਾ ਦੇ ਸੀਰੀਆ ਤੋਂ ਆਪਣੇ ਫੌਜੀ ਵਾਪਸ ਬੁਲਾਉਣ ਦੇ ਫੈਸਲੇ ਦੇ ਬਾਅਦ ਅੰਕਾਰਾ ਨੇ ਬੁੱਧਵਾਰ ਨੂੰ ਸੀਮਾ 'ਤੇ ਕੁਰਦ ਲੜਾਕਿਆਂ 'ਤੇ ਹਮਲਾ ਕੀਤਾ ਸੀ। ਟਰੰਪ ਨੇ ਇਕ ਬਿਆਨ ਵਿਚ ਕਿਹਾ,''ਇਹ ਕਾਰਜਕਾਰੀ ਆਦੇਸ਼ ਮਨੁੱਖੀ ਅਧਿਕਾਰਾਂ ਦੇ ਘਾਣ, ਜੰਗਬੰਦੀ ਦੀ ਉਲੰਘਣਾ, ਵਿਸਥਾਪਿਤ ਲੋਕਾਂ ਨੂੰ ਘਰ ਪਰਤਣ ਤੋਂ ਰੋਕਣ, ਸ਼ਰਨਾਰਥੀਆਂ ਨੂੰ ਜ਼ਬਰੀ ਉਨ੍ਹਾਂ ਦੇ ਦੇਸ਼ ਭੇਜਣ ਜਾਂ ਸੀਰੀਆ ਵਿਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਖਤਰਾ ਪਹੁੰਚਾਉਣ ਵਾਲਿਆਂ ਵਿਰੁੱਧ ਅਮਰੀਕਾ ਨੂੰ ਸਖਤ ਪਾਬੰਦੀਆਂ ਲਗਾਉਣ ਦਾ ਅਧਿਕਾਰ ਦੇਵੇਗਾ।'' 

ਟਰੰਪ ਨੇ ਕਿਹਾ ਕਿ ਤੁਰਕੀ ਦੀ ਮਿਲਟਰੀ ਕਾਰਵਾਈ ਆਮ ਨਾਗਰਿਕਾਂ ਨੂੰ ਖਤਰੇ ਵਿਚ ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤੁਰਕੀ ਦੇ ਆਪਣੇ ਹਮਰੁਤਬਾ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਕਾਰਵਾਈ ਇਕ ਮਨੁੱਖੀ ਸੰਕਟ ਪੈਦਾ ਕਰ ਰਹੀ ਹੈ ਅਤੇ ਯੁੱਧ ਅਪਰਾਧ ਜਿਹੇ ਹਾਲਾਤ ਪੈਦਾ ਕਰ ਰਹੀ ਹੈ। ਟਰੰਪ ਨੇ ਕਿਹਾ,''ਜੇਕਰ ਤੁਰਕੀ ਦੇ ਨੇਤਾਵਾਂ ਨੇ ਖਤਰਨਾਕ ਅਤੇ ਵਿਨਾਸ਼ਕਾਰੀ ਰਸਤੇ 'ਤੇ ਚੱਲਣਾ ਜਾਰੀ ਰੱਖਿਆ ਤਾਂ ਮੈਂ ਉਸ ਦੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਬਰਬਾਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।''


author

Vandana

Content Editor

Related News