ਅਮਰੀਕਾ ''ਚ 24 ਘੰਟਿਆਂ ਦੌਰਾਨ 1435 ਲੋਕਾਂ ਦੀ ਮੌਤ, ਦੁਨੀਆ ਭਰ ''ਚ 34 ਲੱਖ ਤੋਂ ਵਧੇਰੇ ਪੀੜਤ
Sunday, May 03, 2020 - 06:00 PM (IST)
ਵਾਸ਼ਿੰਗਟਨ (ਬਿਊਰੋ): ਪੂਰੀ ਦੁਨੀਆ ਵਿਚ ਕੋਵਿਡ-19 ਮਹਾਮਾਰੀ ਨੇ ਤਬਾਹੀ ਮਚਾਈ ਹੋਈ ਹੈ। ਹੁਣ ਤੱਕ ਇਸ ਵਾਇਰਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਸਕੀ ਹੈ। ਉੱਧਰ ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 44 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 34 ਲੱਖ ਨੂੰ ਪਾਰ ਕਰ ਗਈ ਹੈ। ਇੱਥੇ ਦੱਸ ਦਈਏ ਕਿ 11 ਲੱਖ 21 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਵਿਡ-19 ਦਾ ਕਹਿਰ ਲਗਾਤਾਰ ਜਾਰੀ ਹੈ।
ਅਮਰੀਕਾ 'ਚ 24 ਘੰਟੇ 'ਚ 1435 ਮੌਤਾਂ
ਅਮਰੀਕਾ ਵਿਚ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੌਤਾਂ ਦਾ ਸਿਲਸਿਲਾ ਜਾਰੀ ਹੈ।ਜਾਨਸ ਹਾਪਕਿਨਜ਼ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 1435 ਲੋਕਾਂ ਦੀ ਮੌਤ ਹੋਈ ਹੈ। ਇੱਥੇ ਮ੍ਰਿਤਕਾਂ ਦੀ ਗਿਣਤੀ 67 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ ਅਤੇ 11,60,774 ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਹੁਣ ਤੱਕ ਕੁੱਲ 67,444 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਟਲੀ 'ਚ 474 ਲੋਕਾਂ ਦੀ ਮੌਤ
ਸਮਾਚਾਰ ਏਜੰਸੀ ਏ.ਐੱਫ.ਪੀ. ਦੇ ਮੁਤਾਬਕ ਇਟਲੀ ਵਿਚ ਸ਼ਨੀਵਾਰ ਨੂੰ 474 ਲੋਕਾਂ ਦੀ ਮੌਤ ਹੋਈ। 21 ਅਪ੍ਰੈਲ ਦੇ ਬਾਅਦ ਦੇਸ਼ ਵਿਚ ਕੋਰੋਨਾ ਕਾਰਨ ਇਕ ਦਿਨ ਵਿਚ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਂਝ ਇਟਲੀ ਵਿਚ ਹੁਣ ਤੱਕ 28,710 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 209,328 ਪੀੜਤ ਹਨ।
ਯੂਰਪ 'ਚ ਇਨਫੈਕਟਿਡਾਂ ਦੀ ਗਿਣਤੀ 15 ਲੱਖ ਦੇ ਪਾਰ
ਕੋਰੋਨਾਵਾਇਰਸ ਦੇ ਕਹਿਰ ਦੇ ਸ਼ਿਕਾਰ ਯੂਰਪ ਵਿਚ ਵੀ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਯੂਰਪ ਵਿਚ ਇਨਫੈਕਸ਼ਨ ਦੇ ਮਾਮਲੇ 15 ਲੱਖ ਦੇ ਪਾਰ ਹੋ ਕੇ 15,06,852 ਹੋ ਚੁੱਕੇ ਹਨ, ਜੋ ਪੂਰੀ ਦੁਨੀਆ ਦੇ ਕੁੱਲ ਅੰਕੜਿਆਂ ਦੇ ਲੱਗਭਗ ਅੱਧੇ ਹਨ। ਯੂਰਪ ਵਿਚ ਇਸ ਇਨਫੈਕਸ਼ਨ ਨਾਲ 1,40,268 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ਾਂ ਵਿਚ ਜਿੱਥੇ ਕੋਰੋਨਾ ਦਾ ਸਭ ਤੋਂ ਵੱਧ ਅਸਰ ਪਿਆ ਹੈ ਉਹਨਾਂ ਵਿਚ ਇਟਲੀ, ਫਰਾਂਸ, ਸਪੇਨ, ਬ੍ਰਿਟੇਨ ਅਤੇ ਜਰਮਨੀ ਹਨ। ਜਦਕਿ ਪੂਰੀ ਦੁਨੀਆ ਵਿਚ ਕੋਵਿਡ-19 ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 2.44 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ।
ਬੈਲਜੀਅਮ 'ਚ ਪ੍ਰਤੀ ਲੱਖ 'ਚੋਂ 670 ਨਾਗਰਿਕਾਂ ਦੀ ਮੌਤ
ਕੋਰੋਨਾਵਾਇਰਸ ਕਾਰਨ ਬੈਲਜੀਅਮ ਵਿਚ ਮੌਤ ਦਰ ਸਭ ਤੋਂ ਵੱਧ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ ਇੱਥੇ ਕੋਰੋਨਾ ਪ੍ਰਤੀ 10 ਲੱਖ ਵਿਚੋਂ 670 ਲੋਕਾਂ ਦੀ ਜਾਨ ਲੈ ਰਿਹਾ ਹੈ। ਬੈਲਜੀਅਮ ਵਿਚ ਸ਼ਨੀਵਾਰ ਦੁਪਹਿਰ ਤੱਕ 7765 ਲੋਕਾਂ ਦੀ ਮੌਤ ਹੋਈ।