ਹੜ੍ਹਾਂ ਦੀ ਮਾਰ ਹੇਠ ਆਏ ਸੂਡਾਨ ਨੂੰ ਮਦਦ ਦੀ ਲੋੜ : UNHCR

10/20/2019 3:31:24 PM

ਸੂਡਾਨ— ਯੂ. ਐੱਨ. ਰਫਿਊਜੀ ਏਜੰਸੀ ਦਾ ਕਹਿਣਾ ਹੈ ਕਿ ਦੱਖਣੀ ਸੂਡਾਨ 'ਚ ਆਏ ਭਿਆਨਕ ਹੜ੍ਹ ਕਾਰਨ ਲਗਭਗ 2,00,000 ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਸਮੇਂ ਉਨ੍ਹਾਂ ਨੂੰ ਮਦਦ ਦੀ ਬਹੁਤ ਜ਼ਰੂਰਤ ਹੈ। ਇਸ ਲਈ ਮਦਦ ਲਈ ਹੋਰ ਦੇਸ਼ਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਪਿਛਲੇ 40 ਸਾਲਾਂ 'ਚ ਸੂਡਾਨ ਦੇ ਨਾਈਲ ਸੂਬੇ 'ਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ। ਇਸ ਸਾਲ ਭਾਰੀ ਬਾਰਸ਼ਾਂ ਕਾਰਨ ਦੇਸ਼ ਹੜ੍ਹ ਦੀ ਮਾਰ ਝੱਲ ਰਿਹਾ ਹੈ ਤੇ ਸਥਿਤੀ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ। ਗੁਆਂਢੀ ਦੇਸ਼ ਇਥੋਪੀਆ 'ਚ ਵੀ ਅਨਿਯਮਿਤ ਅਤੇ ਤੇਜ਼ ਬਾਰਸ਼ ਪੈਣਾ ਵੱਡੀ ਪ੍ਰੇਸ਼ਾਨੀ ਬਣ ਗਈ ਹੈ।

ਮਾਬਾਨ ਦੇ ਬੁੰਜ ਸ਼ਹਿਰ 'ਚ ਹੜ੍ਹ ਕਾਰਨ ਬਰਬਾਦੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੀ ਹਾਲਤ ਤਰਸਯੋਗ ਹੋ ਗਈ ਹੈ।  ਯੂ. ਐੱਨ. ਰਫਿਊਜੀ ਏਜੰਸੀ ਇੱਥੇ ਤਕ ਪਹੁੰਚ ਬਣਾ ਕੇ 1,50,000 ਸ਼ਰਣਾਰਥੀਆਂ ਨੂੰ ਸਹਾਰਾ ਦੇਣ ਲਈ ਯੋਜਨਾ ਬਣਾ ਰਹੀ ਹੈ। ਇਸੇ ਲਈ ਏਜੰਸੀ ਵਲੋਂ ਪਹਿਲਾਂ ਹੀ 5000 ਤੋਂ ਵਧੇਰੇ ਪਰਿਵਾਰਾਂ ਨੂੰ ਮਦਦ ਲਈ ਸ਼ੈਲਟਰ ਕਿਟਸ ਤੇ ਹੋਰ ਜ਼ਰੂਰਤ ਦਾ ਸਾਮਾਨ ਵੰਡਿਆ ਜਾ ਰਿਹਾ ਹੈ। ਗੰਦੇ ਪਾਣੀ ਨਾਲ ਭਰੇ ਇਲਾਕਿਆਂ 'ਚ ਬੀਮਾਰੀਆਂ ਫੈਲਣ ਦਾ ਵੀ ਖਦਸ਼ਾ ਵਧੇਰੇ ਰਹਿੰਦਾ ਹੈ ਤੇ ਇਸ ਲਈ ਲੋਕਾਂ ਦੀ ਸੁਰੱਖਿਆ ਵੱਡੀ ਚੁਣੌਤੀ ਹੈ।


Related News