ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਗੱਭਰੂ ਦੀ ਹੋਈ ਮੌਤ
Thursday, Mar 16, 2023 - 08:04 PM (IST)
ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਰਾਏਸਰ (ਪਟਿਆਲਾ) ਦੇ ਇਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਨੌਜਵਾਨ ਗੁਰਪ੍ਰੀਤ ਸਿੰਘ ਉਰਫ਼ ਡਿੰਪਲ (32) ਪੁੱਤਰ ਸਰਬਜੀਤ ਸਿੰਘ ਦੀ ਬਰੈਂਪਟਨ (ਕੈਨੇਡਾ) ’ਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ ਤਿੰਨ ਸਾਲ ਪਹਿਲਾਂ ਗੁਰਪ੍ਰੀਤ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਆਪਣੀ ਡੇਢ ਏਕੜ ਜ਼ਮੀਨ ਵੇਚ ਕੇ ਕੈਨੇਡਾ ਵਿਖੇ ਭੇਜਿਆ ਸੀ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ’ਚ ਫ਼ੌਜ ਦੇ ਕ੍ਰੈਸ਼ ਹੋਏ ਚੀਤਾ ਹੈਲੀਕਾਪਟਰ ’ਚ ਦੋਵਾਂ ਪਾਇਲਟਾਂ ਦੀ ਮੌਤ
ਲੰਘੀ 11 ਮਾਰਚ ਨੂੰ ਅਚਾਨਕ ਬੀਮਾਰ ਹੋਣ ’ਤੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਸ ਦੇ ਦੋਸਤਾਂ ਨੇ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਫੋਨ ’ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਗੁਰਪ੍ਰੀਤ ਸਿੰਘ ਦੇ ਸਿਰ ’ਤੇ ਹੀ ਚੱਲਦਾ ਸੀ, ਉਸ ਦੀ ਮੌਤ ਨਾਲ ਸਾਡੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ, ਜਿਸ ਕਰਕੇ ਅਸੀਂ ਉਸ ਦੀ ਮ੍ਰਿਤਕ ਦੇਹ ਵੀ ਭਾਰਤ ਲਿਆਉਣ ਤੋਂ ਅਸਮਰੱਥ ਹਾਂ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ ’ਚ ਮਦਦ ਕਰੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਸਿੰਘ ਰਾਏਸਰ, ਸਰਪੰਚ ਗੁਰਪ੍ਰੀਤ ਸਿੰਘ ਗਿੱਲ, ਗੁਰਬਾਜ਼ ਸਿੰਘ ਵਿਰਕ ਸਾਬਕਾ ਸਰਪੰਚ, ਜਸਵਿੰਦਰ ਸਿੰਘ ਕੈਨੇਡੀਅਨ, ਨੰਬਰਦਾਰ ਅਮਰਜੀਤ ਸਿੰਘ, ਪਿੰਥੀਪਾਲ ਸਿੰਘ ਆਦਿ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਲਾਸ਼ ਭਾਰਤ ਲਿਆਉਣ ਲਈ ਕਦਮ ਚੁੱਕੇ।