''ਕੋਵਿਡ-19 ਕਾਰਣ ਪੈਦਾ ਹੋਈਆਂ ਮਾਨਸਿਕ ਸਿਹਤ ਸਬੰਧੀ ਦਿੱਕਤਾਂ ਨਾਲ ਨਿਪਟਣ ਦੀ ਤੁਰੰਤ ਲੋੜ''
Thursday, May 14, 2020 - 01:16 PM (IST)
ਜਿਨੇਵਾ- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕੋਰੋਨਾ ਵਾਇਰਸ ਸੰਕਟ ਨਾਲ ਵਧ ਰਹੀਆਂ ਮਨੋਵਿਗਿਆਨਕ ਪਰੇਸ਼ਾਨੀਆਂ ਦੇ ਖਿਲਾਫ ਸਾਵਧਾਨ ਕਰਦੇ ਹੋਏ ਸਰਕਾਰਾਂ, ਨਾਗਰਿਕ ਸੰਸਥਾਵਾਂ ਤੇ ਸਿਹਤ ਅਧਿਕਾਰੀਆਂ ਨੂੰ ਮਾਨਸਿਕ ਸਿਹਤ ਸਬੰਧੀ ਦਿੱਕਤਾਂ ਨਾਲ ਤੁਰੰਤ ਨਿਪਟਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਇਸ ਸਬੰਧ ਵਿਚ ਆਪਣੇ ਪਿਆਰਿਆਂ ਨੂੰ ਗੁਆਉਣ ਦਾ ਦੁੱਖ, ਨੌਕਰੀ ਜਾਣ ਦਾ ਸਦਮਾ, ਇਕਾਂਤਵਾਸ ਤੇ ਆਵਾਜਾਈ 'ਤੇ ਪਾਬੰਦੀਆਂ, ਮੁਸ਼ਕਿਲ ਪਰਿਵਾਰਕ ਸਮੀਕਰਣਾਂ ਤੇ ਭਵਿੱਖ ਦੇ ਲਈ ਡਰ ਤੇ ਅਨਿਸ਼ਚਿਤਤਾ ਦਾ ਜ਼ਿਕਰ ਕੀਤਾ।
ਸੰਯੁਕਤ ਰਾਸ਼ਟਰ ਮੁਖੀ ਨੇ ਬੁੱਧਵਾਰ ਦੇਰ ਰਾਤ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮਾਨਸਿਕ ਸਿਹਤ ਸੇਵਾਵਾਂ ਨੂੰ ਦਹਾਕਿਆਂ ਤੱਕ ਨਜ਼ਰਅੰਦਾਜ਼ ਕਰਨ ਤੋਂ ਬਾਅਦ ਕੋਵਿਡ-19 ਮਹਾਮਾਰੀ ਹੁਣ ਉਹਨਾਂ ਪਰਿਵਾਰਾਂ ਤੇ ਭਾਈਚਾਰਿਆਂ ਨੂੰ ਵਧੇਰੇ ਪ੍ਰਭਾਵਿਤ ਕਰ ਰਹੀ ਹੈ, ਜੋ ਮਾਨਸਿਕ ਰੂਪ ਨਾਲ ਤਣਾਅਗ੍ਰਸਤ ਹਨ। ਗੁਤਾਰੇਸ ਨੇ ਕਿਹਾ ਕਿ ਜੋ ਲੋਕ ਵਧੇਰੇ ਖਤਰੇ ਵਿਚ ਹਨ, ਉਹਨਾਂ ਨੂੰ ਮਦਦ ਦੀ ਵਧੇਰੇ ਲੋੜ ਹੈ ਤੇ ਉਹਨਾਂ ਵਿਚ ਮੋਹਰੀ ਮੋਰਚੇ 'ਤੇ ਕੰਮ ਕਰ ਰਹੇ ਸਿਹਤ ਦੇਖਭਾਲ ਕਰਮਚਾਰੀ, ਬਜ਼ੁਰਗ ਲੋਕ, ਬਾਲਗ, ਨੌਜਵਾਨ ਲੋਕ, ਪਹਿਲਾਂ ਤੋਂ ਹੀ ਮਾਨਸਿਕ ਬੀਮਾਰ ਲੋਕ ਤੇ ਇਸ ਸੰਕਟ ਦੀ ਲਪੇਟ ਵਿਚ ਆਏ ਲੋਕ ਹਨ। ਉਹਨਾਂ ਨੇ ਕਿਹਾ ਕਿ ਮਾਨਸਿਕ ਸਿਹਤ ਸੇਵਾਵਾਂ ਕੋਵਿਡ-19 ਨਾਲ ਨਿਪਟਣ ਵਿਚ ਸਰਕਾਰੀ ਨੀਤੀ ਦਾ ਲੋੜੀਂਦਾ ਹਿੱਸਾ ਹੋਣਾ ਚਾਹੀਦਾ ਹੈ।