ਆਖਰਕਾਰ ਅਮਰੀਕਾ 'ਚ ਸ਼ਟਡਾਊਨ ਹੋਇਆ ਖਤਮ, ਬਜਟ ਪਾਸ
Friday, Feb 09, 2018 - 05:24 PM (IST)
ਵਾਸ਼ਿੰਗਟਨ(ਬਿਊਰੋ)— ਸਮੇਂ 'ਤੇ ਕਾਂਗਰਸ ਦੇ ਸਰਕਾਰ ਚਲਾਉਣ ਲਈ ਜ਼ਰੂਰੀ ਬਜਟ ਪਾਸ ਨਾ ਕਰਨ ਦੀ ਵਜ੍ਹਾ ਨਾਲ ਅਮਰੀਕਾ ਵਿਚ ਫਿਰ ਤੋਂ ਸ਼ਟਡਾਊਨ ਹੋ ਗਿਆ ਸੀ, ਜਿਸ ਨੂੰ ਹੁਣ 6 ਘੰਟਿਆਂ ਬਾਅਦ ਖਤਮ ਕਰ ਦਿੱਤਾ ਗਿਆ ਹੈ। ਸਰਕਾਰੀ ਕੰਮਕਾਜ ਨੂੰ ਫਿਰ ਤੋਂ ਸੁਚਾਰੂ ਰੂਪ ਨਾਲ ਸ਼ੁਰੂ ਕਰਨ ਲਈ ਇਕ ਅਸਥਾਈ ਬਜਟ ਨੂੰ ਸੰਸਦ ਦੇ ਦੋਵਾਂ ਸਦਨਾਂ ਸੀਨੇਟ ਅਤੇ ਹਾਊਸ ਆਫ ਰਿਪ੍ਰੇਜੈਂਟੇਟਿਵਸ ਤੋਂ ਪਾਸ ਕਰਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਅਮਰੀਕਾ ਦਾ ਬਜਟ 1 ਅਕਤੂਬਰ ਤੋਂ ਪਹਿਲਾਂ ਹੀ ਪਾਸ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਸ ਦਿਨ ਤੋਂ ਅਮਰੀਕੀ ਸਰਕਾਰ ਦੇ ਵਿੱਤੀ ਸਾਲ ਦੀ ਸ਼ੁਰੂਆਤ ਹੁੰਦੀ ਹੈ।
ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ ਕਿ ਕਾਂਗਰਸ ਮਿਆਦ ਦੇ ਅੰਦਰ ਬਜਟ ਪਾਸ ਨਹੀਂ ਕਰਾ ਸਕੀ ਹੈ ਪਰ ਇਸ ਦੌਰਾਨ ਸੰਘੀ ਏਜੰਸੀਆਂ ਲਈ ਅਸਥਾਈ ਆਧਾਰ 'ਤੇ ਪੈਸੇ ਦਾ ਇੰਤਜ਼ਾਮ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਸ ਵਾਰ ਵੀ ਕਾਂਗਰਸ ਫਡਿੰਗ ਜਾਰੀ ਰੱਖਣ ਦੇ ਮੁੱਦੇ 'ਤੇ ਸਹਿਮਤੀ ਬਣਾਉਣ ਵਿਚ ਨਾਕਾਮ ਰਹੀ ਸੀ ਅਤੇ ਕੱਲ ਰਾਤ ਤੋਂ ਹੀ ਕਈ ਸੰਘੀ ਏਜੰਸੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਦੱਸਣਯੌਗ ਹੈ ਕਿ ਕਈ ਸੀਨੇਟਰਾਂ ਨੂੰ ਉਮੀਦ ਸੀ ਕਿ ਅਸਥਾਈ ਸੰਘੀ ਬਜਟ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਇਸ ਨਵੇਂ ਖਰਚ ਬਿੱਲ ਨੂੰ ਮਨਜ਼ੂਰੀ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ ਸੀ।
ਪਿਛਲੇ ਮਹੀਨੇ ਵੀ ਹੋਇਆ ਸੀ ਸ਼ਟਡਾਊਨ—
ਇਸ ਤੋਂ ਪਹਿਲਾਂ ਜਨਵਰੀ ਵਿਚ ਵੀ 3 ਦਿਨਾਂ ਤੱਕ ਅਕਰੀਕਾ ਵਿਚ ਇਸ ਤਰ੍ਹਾਂ ਦੇ ਹੀ ਹਾਲਾਤ ਪੈਦਾ ਹੋ ਗਏ ਸਨ ਪਰ ਉਸ ਸਮੇਂ ਸਰਕਾਰ ਦਾ ਕੰਮਕਾਜ ਠੀਕ ਤਰੀਕੇ ਨਾਲ ਚੱਲ ਸਕੇ ਇਸ ਲਈ ਅਸਥਾਈ ਬਜਟ ਨੂੰ ਸੀਨੇਟ ਅਤੇ ਹਾਊਸ ਆਫ ਰਿਪ੍ਰੇਜੈਂਟੇਟਿਵਸ ਵਿਚ ਪਾਸ ਕਰਾਇਆ ਗਿਆ ਸੀ। ਅਮਰੀਕਾ ਦੇ ਸਰਕਾਰੀ ਵਿਭਾਗ ਫੈਡਰਲ ਆਫਿਸ ਆਫ ਪਰਸਨਲ ਮੈਨੇਜਮੈਂਟ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਡਿਊਟੀ ਦੇ ਸੰਦਰਭ ਵਿਚ ਆਪਣੇ ਦਫਤਰਾਂ ਵਿਚ ਸੰਪਰਕ ਕਰਨਾ ਚਾਹੀਦਾ ਹੈ।
