ਟਰੰਪ-ਪੁਤਿਨ ਮੁਲਾਕਾਤ ਤੋਂ ਠੀਕ ਪਹਿਲਾਂ ਯੂਕ੍ਰੇਨ ਨੇ ਰੂਸ ’ਚ ‘ਸ਼ਾਹਿਦ’ ਡਰੋਨ ਦਾ ਟਿਕਾਣਾ ਉਡਾਇਆ
Wednesday, Aug 13, 2025 - 03:07 AM (IST)

ਮਾਸਕੋ/ਕੀਵ - 15 ਅਗਸਤ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਰੂਸ-ਯੂਕ੍ਰੇਨ ਵਿਚਾਲੇ ਚੱਲ ਰਹੇ ਯੁੱਧ ਨੂੰ ਰੋਕਣ ਲਈ ਗੱਲਬਾਤ ਹੋਣ ਜਾ ਰਹੀ ਹੈ। ਇਸ ਮੁਲਾਕਾਤ ਤੋਂ ਪਹਿਲਾਂ ਰੂਸੀ ਫੌਜ ਨੇ ਪੂਰਬੀ ਯੂਕ੍ਰੇਨ ਵਿਚ ਆਪਣੀ ਘੁਸਪੈਠ ਵਧਾ ਦਿੱਤੀ ਹੈ ਅਤੇ ਮਹੱਤਵਪੂਰਨ ਸ਼ਹਿਰਾਂ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਦੂਜੇ ਪਾਸੇ ਯੂਕ੍ਰੇਨ ਨੇ ਵੀ ਰੂਸ ’ਚ ਹਮਲੇ ਜਾਰੀ ਰੱਖੇ ਹਨ। ਯੂਕ੍ਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੂਸੀ ਇਲਾਕੇ ਵਿਚ ਇਕ ਇਮਾਰਤ ਨੂੰ ਉਡਾ ਦਿੱਤਾ, ਜਿੱਥੇ ‘ਸ਼ਾਹਿਦ’ ਡਰੋਨ ਰੱਖੇ ਗਏ ਸਨ। ਇਹ 4 ਦਿਨਾਂ ਵਿਚ ਰੂਸ ’ਤੇ ਯੂਕ੍ਰੇਨ ਦਾ ਦੂਜਾ ਹਮਲਾ ਹੈ।
ਯੂਕ੍ਰੇਨ ਦੀ ਖੁਫੀਆ ਏਜੰਸੀ ਐੱਸ. ਬੀ. ਯੂ. ਨੇ ਦਾਅਵਾ ਕੀਤਾ ਹੈ ਕਿ ਉਸ ਦੇ ਡਰੋਨ ਨੇ ਰੂਸ ਦੇ ਤਾਤਾਰਸਤਾਨ ਇਲਾਕੇ ਵਿਚ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ, ਜਿੱਥੇ ਲੰਬੀ ਦੂਰੀ ਦੇ ਈਰਾਨ ਦੁਆਰਾ ਬਣਾਏ ‘ਸ਼ਾਹਿਦ’ ਡਰੋਨ ਰੱਖੇ ਗਏ ਸਨ। ਇਹ ਇਲਾਕਾ ਯੂਕ੍ਰੇਨ ਦੀ ਸਰਹੱਦ ਤੋਂ ਲੱਗਭਗ 1,300 ਕਿਲੋਮੀਟਰ ਦੂਰ ਹੈ। ਸਥਾਨਕ ਨਿਵਾਸੀਆਂ ਵਲੋਂ ਸ਼ੂਟ ਕੀਤੀ ਗਈ ਇਕ ਵੀਡੀਓ ਇਮਾਰਤ ਨੂੰ ਹੋਏ ਨੁਕਸਾਨ ਦੀ ਪੁਸ਼ਟੀ ਕਰਦੀ ਹੈ।