ਯੂਕੇ: ਕਾਰ ਨਾਲ ਟਕਰਾਉਣ ਕਾਰਨ ਹੋਈ ਦੋ ਹਫ਼ਤਿਆਂ ਦੇ ਬੱਚੇ ਦੀ ਮੌਤ
Monday, Apr 05, 2021 - 06:01 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਇੱਕ ਫੁੱਟਪਾਥ 'ਤੇ ਇੱਕ ਪ੍ਰੈਮ ਨੂੰ ਕਾਰ ਵੱਲੋਂ ਟੱਕਰ ਮਾਰਨ ਤੋਂ ਬਾਅਦ ਦੋ ਹਫ਼ਤਿਆਂ ਦੇ ਬੱਚੇ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੇ ਸੰਬੰਧ ਵਿੱਚ ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬ੍ਰਾਊਹਿਲਜ਼ ਵਿੱਚ ਐਤਵਾਰ ਸ਼ਾਮ 4 ਵਜੇ ਦੇ ਕਰੀਬ ਇੱਕ ਕਾਰ ਦੇ ਟੱਕਰ ਮਾਰਨ ਨਾਲ ਦੋ ਹਫ਼ਤਿਆਂ ਦੇ ਬੱਚੇ ਦੀ ਮੌਤ ਹੋਈ ਹੈ। ਇਹ ਹਾਦਸਾ ਸਟ੍ਰੀਟ ਵਿੱਚ ਦੋ ਕਾਰਾਂ ਦੇ ਆਪਸ ਵਿੱਚ ਟਕਰਾਉਣ ਦੇ ਬਾਅਦ ਹੋਇਆ, ਜਿਸ ਉਪਰੰਤ ਇੱਕ ਕਾਰ ਫੁੱਟਪਾਥ 'ਤੇ, ਇੱਕ ਬੱਚੇ ਦੀ ਪ੍ਰੈਮ ਨਾਲ ਟਕਰਾ ਗਈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਘਟੇ ਕੋਰੋਨਾ ਮਾਮਲੇ, ਲੋਕਾਂ ਨੇ ਮਨਾਇਆ ਈਸਟਰ
ਇਸ ਟੱਕਰ ਨਾਲ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਬੱਚੇ ਦੀ ਜਾਨ ਨਹੀਂ ਬਚ ਸਕੀ।ਇਸ ਦੇ ਇਲਾਵਾ ਇੱਕ ਹੋਰ ਵਿਅਕਤੀ ਦੇ ਮੋਢੇ 'ਤੇ ਸੱਟ ਲੱਗੀ ਪਰ ਕੋਈ ਹੋਰ ਜ਼ਖਮੀ ਨਹੀਂ ਹੋਇਆ। ਇਸ ਹਾਦਸੇ ਦਾ ਡਰਾਈਵਰ ਘਟਨਾ ਸਥਾਨ ਤੋਂ ਭੱਜ ਗਿਆ ਸੀ ਪਰ ਇੱਕ 34 ਸਾਲਾ ਵਿਅਕਤੀ ਨੂੰ ਬਲੌਕਸਵਿਚ ਤੋਂ ਥੋੜ੍ਹੀ ਦੇਰ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਖਤਰਨਾਕ ਡਰਾਈਵਿੰਗ ਕਰਕੇ ਇੱਕ ਮੌਤ ਦੇ ਸੰਬੰਧ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਵੈਸਟ ਮਿਡਲੈਂਡਜ਼ ਪੁਲਸ ਦੀ ਜਾਂਚ ਯੂਨਿਟ ਦੇ ਸਾਰਜੈਂਟ ਮਾਰਕ ਕ੍ਰੋਜ਼ੀਅਰ ਨੇ ਬੱਚੇ ਦੀ ਦੁਖਦਾਈ ਮੌਤ 'ਤੇ ਅਫ਼ਸੋਸ ਪ੍ਰਗਟ ਕੀਤਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।