ਯੂਕੇ: ਅਗਲੇ ਹਫਤੇ ਤੋਂ ਰੋਜ਼ਾਨਾ ਹੋਵੇਗੀ ਇਕ ਲੱਖ ਲੋਕਾਂ ਦੀ ਜਾਂਚ, ਲਾਕਡਾਊਨ ਖੋਲ੍ਹਣ ''ਚ ਸਹਾਇਕ
Friday, May 01, 2020 - 06:10 PM (IST)
ਲੰਡਨ- ਬ੍ਰਿਟੇਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਰੋਜ਼ਾਨਾ ਇਕ ਲੱਖ ਕੋਰੋਨਾ ਵਾਇਰਸ ਟੈਸਟ ਕਰਵਾਏ ਜਾਣਗੇ। ਉਹ ਇਸ ਟੀਚੇ ਨੂੰ ਹਾਸਲ ਕਰਨ ਦੇ ਬਹੁਤ ਨੇੜੇ ਹਨ। ਬ੍ਰਿਟੇਨ ਦੇ ਆਵਾਜਾਈ ਸਕੱਤਰ ਗ੍ਰਾਂਟ ਸ਼ਾਪਸ ਨੇ ਬੀਬੀਸੀ ਨੂੰ ਦੱਸਿਆ ਕਿ ਅਸੀਂ ਜਲਦੀ ਹੀ ਵੱਡੀ ਗਿਣਤੀ ਵਿਚ ਜਾਂਚ ਕਰਨ ਵਿਚ ਸਮਰਥ ਹੋ ਜਾਵਾਂਗੇ। ਇਸ ਨਾਲ ਦੇਸ਼ ਵਿਚ ਕੋਰੋਨਾ ਰੋਗੀਆਂ ਦੀ ਸਹੀ ਗਿਣਤੀ ਦਾ ਪਤਾ ਲੱਗ ਸਕੇਗਾ।
ਕੋਰੋਨਾ ਮਰੀਜ਼ਾਂ ਦੀ ਮਿਲੇਗੀ ਸਹੀ ਜਾਣਕਾਰੀ
ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਪਹਿਲੇ ਹਫਤੇ ਸਿਰਫ 5 ਹਜ਼ਾਰ ਟੈਸਟ ਕੀਤੇ ਜਾਣ ਦੀ ਵਿਵਸਥਾ ਸੀ। ਇਸ ਤੋਂ ਬਾਅਦ ਸਮਰਥਾ ਵਿਚ ਵਾਧਾ ਕਰਦੇ ਹੋਏ ਇਸ ਨੂੰ 20 ਹਜ਼ਾਰ ਤੱਕ ਪਹੁੰਚਾਇਆ ਗਿਆ। ਉਹਨਾਂ ਨੇ ਸੰਤੋਸ਼ ਵਿਅਕਤ ਕਰਦੇ ਹੋਏ ਕਿਹਾ ਕਿ ਬ੍ਰਿਟੇਨ ਜਲਦੀ ਹੀ ਇਕ ਲੱਖ ਟੈਸਟ ਰੋਜ਼ਾਨਾ ਕਰਨ ਵਿਚ ਸਮਰਥ ਹੋਵੇਗਾ। ਇਹ ਜਾਂਚ ਇਸ ਲਈ ਲਾਭਕਾਰੀ ਹੈ, ਕਿਉਂਕਿ ਅਜੇ ਤੱਕ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਲਈ ਵੈਕਸੀਨ ਦੀ ਖੋਜ ਨਹੀਂ ਹੋ ਸਕੀ ਹੈ। ਅਜਿਹੇ ਵਿਚ ਵਾਇਰਸ ਤੋਂ ਬਚਣ ਲਈ ਜਾਂਚ ਬਹੁਤ ਲਾਭਕਾਰੀ ਹੋ ਜਾਂਦੀ ਹੈ। ਇਕ ਸਰਕਾਰੀ ਸੂਤਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਜਾਂਚ ਨਾਲ ਅਸੀਂ ਕੋਰੋਨਾ ਮਰੀਜ਼ਾਂ ਦੀ ਸਹੀ ਗਿਣਤੀ ਦਾ ਅਨੁਮਾਨ ਲਾ ਸਕਾਂਗੇ। ਕਾਮਨਸ ਸਿਹਤ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਸਿਹਤ ਸਕੱਤਰ ਨੇ ਕਿਹਾ ਕਿ ਇਕ ਲੱਖ ਕੋਰੋਨਾ ਟੈਸਟ ਦੇਸ਼ ਦੇ ਲਈ ਵੱਡੀ ਉਪਲੱਬਧੀ ਹੋਵੇਗੀ।
ਦੇਸ਼ ਵਿਚ ਕੋਰੋਨਾ ਵਾਇਰਸ ਦਾ ਬੁਰਾ ਦੌਰ ਨਿਕਲ ਚੁੱਕਿਆ ਹੈ: ਬੋਰਿਸ
ਉਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਬੁਰਾ ਦੌਰ ਨਿਕਲ ਚੁੱਕਿਆ ਹੈ, ਪਰ ਲੋਕਾਂ ਦੀ ਜਾਂਚ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਅਗਲੇ ਹਫਤੇ ਇਸ ਯੋਜਨਾ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਦੇ ਨਤੀਜੇ ਦੇਸ਼ ਵਿਚ ਲਾਕਡਾਊਨ ਖਤਮ ਕਰਨ ਵਿਚ ਸਹਾਇਕ ਹੋਣਗੇ। ਸਕੂਲਾਂ ਨੂੰ ਖੋਲ੍ਹਿਆ ਜਾ ਸਕੇਗਾ ਤੇ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਂਦਾ ਜਾ ਸਕੇਗਾ। ਉਹਨਾਂ ਨੇ ਕਿਹਾ ਕਿ ਇਸ ਨਾਲ ਕੋਰੋਨਾ ਦੇ ਕਹਿਰ ਨੂੰ ਵੀ ਰੋਕਿਆ ਜਾ ਸਕੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਾਕਡਾਊਨ ਤੋਂ ਬਾਹਰ ਆਉਣ ਦੀ ਰਣਨੀਤੀ ਦੇ ਹਿੱਸੇ ਦੇ ਰੂਪ ਵਿਚ ਫੇਸ ਮਾਸਕ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਦੀ ਕਿਰਨ ਦੇਖ ਰਹੇ ਹਾਂ। ਹਾਲਾਂਕਿ ਹੁਣ ਇਹ ਧਿਆਨ ਦੇਣਾ ਹੋਵੇਗਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਸੁਨਾਮੀ ਨਾ ਆਵੇ। ਇਸ ਦੇ ਲਈ ਸਾਨੂੰ ਪੁਖਤਾ ਕਰਨਾ ਹੋਵੇਗਾ ਕਿ ਇਨਫੈਕਟਡ ਵਿਅਕਤੀ ਕਿਸੇ ਨੂੰ ਵੀ ਪਾਜ਼ੇਟਿਵ ਨਾ ਕਰ ਸਕੇ। ਦੱਸ ਦਈਏ ਕਿ ਬੋਰਿਸ ਜਾਨਸਨ ਖੁਦ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਪਿਛਲੇ ਦਿਨੀਂ ਹੀ ਉਹਨਾਂ ਨੇ ਠੀਕ ਹੋ ਕੇ ਕੰਮ ਸੰਭਾਲਿਆ ਹੈ।
ਦੁਨੀਆ ਭਰ ਵਿਚ 2.34 ਲੱਖ ਤੋਂ ਵਧੇਰੇ ਮੌਤਾਂ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਣ ਹੁਣ ਤੱਕ ਦੁਨੀਆ ਭਰ ਵਿਚ 2.34 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ 33,08,874 ਲੋਕ ਹੁਣ ਤੱਕ ਇਸ ਜਾਨਲੇਵਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਹੁਣ ਤੱਕ 10 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।