ਯੂ. ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਵੰਬਰ ’ਚ ਬੁਲਾਉਣਗੇ ਖੁਰਾਕ ਸੁਰੱਖਿਆ ਸਿਖਰ ਸੰਮੇਲਨ

09/09/2023 12:32:07 PM

ਲੰਡਨ, (ਜ.ਬ.)- ਯੂ. ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਜੋ ਜੀ-20 ਸਿਖਰ ਸੰਮੇਲਨ ਲਈ ਭਾਰਤ ਵਿਚ ਹਨ, ਦਾ ਕਹਿਣਾ ਹੈ ਕਿ ਵਿਸ਼ਵ ਦੇ ਨੇਤਾਵਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਟਣ ਨਾਲ ਰੂਸ ਦੀ ਵਿਸ਼ਵ ਨਾਲ ਦੂਰੀ ਵਧ ਗਈ ਹੈ ਅਤੇ ਉਨ੍ਹਾਂ ਲੋਕਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਦੀ ਜ਼ਿੰਦਗੀ ਪੁਤਿਨ ਦੀ ਗੈਰ-ਕਾਨੂੰਨੀ ਜੰਗ ਨਾਲ ਬਰਬਾਦ ਹੋ ਗਈ ਹੈ।

ਜੀ-20 ਦੇਸ਼ਾਂ ਦੇ ਨੇਤਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ’ਤੇ ਚਰਚਾ ਕਰਨ ਲਈ ਦਿੱਲੀ ’ਚ ਇਕ ਸੰਮੇਲਨ ’ਚ ਇਕੱਠੇ ਹੋ ਰਹੇ ਹਨ, ਜਿਥੇ ਪ੍ਰਧਾਨ ਮੰਤਰੀ ਸੁਨਕ ਉਨ੍ਹਾਂ ਲੋਕਾਂ ਦੀ ਮਹੱਤਤਾ ’ਤੇ ਜ਼ੋਰ ਦੇਣਗੇ, ਜੋ ਪੁਤਿਨ ਦੀ ਜੰਗ ਦੇ ਭਿਆਨਕ ਨਤੀਜਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਹ ਵਿਆਪਕ ਚੁਣੌਤੀਆਂ ਜਿਵੇਂ ਕਿ ਜਲਵਾਯੂ ਤਬਦੀਲੀ ਅਤੇ ਗਲੋਬਲ ਆਰਥਿਕਤਾ ਦੀ ਸਥਿਰਤਾ ਦਾ ਹੱਲ ਪੇਸ਼ ਕਰਨ ’ਚ ਆਪਣੀ ਅਗਵਾਈ ਦਾ ਪ੍ਰਦਰਸ਼ਨ ਕਰਨਗੇ।

ਪ੍ਰਧਾਨ ਮੰਤਰੀ ਸੁਨਕ ਨਵੰਬਰ ਵਿਚ ਰੂਸ ਵੱਲੋਂ ਯੂਕ੍ਰੇਨੀ ਅਨਾਜ ਦੀ ਹਥਿਆਰਾਂ ਵਜੋਂ ਵਰਤੋਂ ਨਾਲ ਨਜਿੱਠਣ ਲਈ ਇਕ ਅੰਤਰਰਾਸ਼ਟਰੀ ਖੁਰਾਕ ਸੁਰੱਖਿਆ ਸਿਖਰ ਸੰਮੇਲਨ ਬੁਲਾਉਣਗੇ। ਇਹ ਸੰਮੇਲਨ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਅਤੇ ਚਿਲਡਰਨਜ਼ ਇਨਵੈਸਟਮੈਂਟ ਫੰਡ ਫਾਊਂਡੇਸ਼ਨ ਵੱਲੋਂ ਸਮਰਥਤ ਪ੍ਰੋਗਰਾਮ ਖੁਰਾਕ ਅਸੁਰੱਖਿਆ ਅਤੇ ਕੁਪੋਸ਼ਨ ਦੇ ਕਾਰਨਾਂ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ, ਖੋਜਕਰਤਾਵਾਂ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਨਾਲ ਕਮਜ਼ੋਰ ਦੇਸ਼ਾਂ ਸਮੇਤ ਦੁਨੀਆ ਭਰ ਦੇ ਸਰਕਾਰੀ ਨੁਮਾਇੰਦਿਆਂ ਨੂੰ ਇਕੱਠਿਆਂ ਲਿਆਵੇਗਾ।

ਪ੍ਰਧਾਨ ਮੰਤਰੀ ਸੁਨਕ ਨੇ ਕਿਹਾ ਕਿ ਅਸੀਂ ਕਾਲੇ ਸਾਗਰ ’ਚ ਰੂਸੀ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਆਪਣੀਆਂ ਖੁਫੀਆ ਏਜੰਸੀਆਂ, ਨਿਗਰਾਨੀ ਅਤੇ ਜਾਸੂਸੀ ਸਰਗਰਮੀਆਂ ਦੀ ਵਰਤੋਂ ਕਰਾਂਗੇ ਅਤੇ ਜੇਕਰ ਸਾਨੂੰ ਅਜਿਹੇ ਸੰਕੇਤ ਮਿਲਦੇ ਹਨ ਕਿ ਰੂਸ ਕਾਲੇ ਸਾਗਰ ’ਚ ਨਾਗਰਿਕ ਜਹਾਜ਼ਾਂ ਜਾਂ ਬੁਨਿਆਦੀ ਢਾਂਚੇ ’ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਉਸ ਦਾ ਜਵਾਬ ਦਿੱਤਾ ਜਾਵੇਗਾ। ਇਨ੍ਹਾਂ ਨਿਗਰਾਨੀ ਮਿਸ਼ਨਾਂ ਦੇ ਹਿੱਸੇ ਵਜੋਂ ਆਰ.ਏ.ਐੱਫ. ਜਹਾਜ਼ ਰੂਸ ਵੱਲੋਂ ਅਨਾਜ ਦੀ ਢੋਆ-ਢੁਆਈ ਕਰਨ ਵਾਲੇ ਨਾਗਰਿਕ ਜਹਾਜ਼ਾਂ ’ਤੇ ਗੈਰ-ਕਾਨੂੰਨੀ ਹਮਲਿਆਂ ਨੂੰ ਰੋਕਣ ਲਈ ਉਡਾਣਾਂ ਭਰ ਰਹੇ ਹਨ।

ਇਹ ਸਮਝੌਤਾ ਦੁਨੀਆ ਭਰ ਦੇ ਉਨ੍ਹਾਂ ਲੱਖਾਂ ਲੋਕਾਂ ਲਈ ਜੀਵਨ ਰੇਖਾ ਪ੍ਰਦਾਨ ਕਰ ਰਿਹਾ ਸੀ, ਜੋ ਯੂਕ੍ਰੇਨੀ ਅਨਾਜ ਨਿਰਯਾਤ ’ਤੇ ਨਿਰਭਰ ਹਨ। ਸਮਝੌਤੇ ਦੇ ਪਹਿਲੇ ਸਾਲ ਵਿਚ 45 ਦੇਸ਼ਾਂ ਵਿਚ ਲੋੜਵੰਦ ਲੋਕਾਂ ਤੱਕ 33 ਮਿਲੀਅਨ ਟਨ ਭੋਜਨ ਪਹੁੰਚਾਇਆ ਗਿਆ ਸੀ। ਸਮਝੌਤੇ ਨੂੰ ਖਤਮ ਕਰਨ ਦੇ ਪੁਤਿਨ ਦੇ ਫੈਸਲੇ ਨੇ ਸਭ ਤੋਂ ਕਮਜ਼ੋਰ ਲੋਕਾਂ ਲਈ ਇਕ ਨਾਜ਼ੁਕ ਸਮੇਂ ’ਤੇ ਗਲੋਬਲ ਅਨਾਜ ਦੀ ਸਪਲਾਈ ਵਿਚ ਕਟੌਤੀ ਕੀਤੀ, ਕੀਮਤਾਂ ਵਿਚ ਵਾਧਾ ਕੀਤਾ ਅਤੇ ਸਭ ਤੋਂ ਵਧ ਗਰੀਬਾਂ ਨੂੰ ਨੁਕਸਾਨ ਪਹੁੰਚਾਇਆ।

18 ਮਹੀਨੇ ਪਹਿਲਾਂ ਪੁਤਿਨ ਦੇ ਵਹਿਸ਼ੀਆਨਾ ਹਮਲੇ ਕਾਰਨ ਯੂਕ੍ਰੇਨ ਅਤੇ ਦੁਨੀਆ ਭਰ ਦੇ ਅਣਗਿਣਤ ਪਰਿਵਾਰ ਦੁਖੀ ਹਨ। ਰੂਸ ਨੇ 11 ਮਿਲੀਅਨ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬੇਘਰ ਕਰ ਦਿੱਤਾ ਹੈ, ਵਿਸ਼ਵਵਿਆਪੀ ਊਰਜਾ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਾਰਿਆਂ ਲਈ ਰੋਜ਼ਾਨਾ ਦਾ ਜੀਵਨ ਹੋਰ ਮੁਸ਼ਕਲ ਬਣਾ ਦਿੱਤਾ ਹੈ।

ਪੁਤਿਨ ਖੁਦ ਆਪਣੇ ‘ਕੂਟਨੀਤਕ ਜਲਾਵਤਨ’ ਦੇ ਆਰਕੀਟੈਕਟ

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਇਕ ਵਾਰ ਫਿਰ ਵਲਾਦੀਮੀਰ ਪੁਤਿਨ ਜੀ-20 ਵਿਚ ਆਪਣਾ ਮੂੰਹ ਦਿਖਾਉਣ ਲਈ ਅਸਫਲ ਰਹੇ ਹਨ। ਉਹ ਆਪਣੇ ਹੀ ‘ਕੂਟਨੀਤਕ ਜਲਾਵਤਨ’ ਦੇ ਆਰਕੀਟੈਕਟ ਹਨ । ਆਲੋਚਨਾ ਅਤੇ ਹਕੀਕਤ ਤੋਂ ਅੱਖਾ ਲੁਕਾਉਣ ਲਈ ਆਪਣੇ ਰਾਸ਼ਟਰਪਤੀ ਮਹਿਲ ਵਿਚ ਲੁਕੇ ਹੋਏ ਹਨ।

ਯੂਕ੍ਰੇਨ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਕਣਕ ਬਰਾਮਦਕਾਰ

ਪੁਤਿਨ ਦੇ ਪੂਰੇ ਪੈਮਾਨੇ ’ਤੇ ਹਮਲੇ ਤੋਂ ਪਹਿਲਾਂ ਯੂਕ੍ਰੇਨ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਕਣਕ ਬਰਾਮਦਕਾਰ, ਚੌਥਾ ਸਭ ਤੋਂ ਵੱਡਾ ਮੱਕੀ ਦਾ ਬਰਾਮਦਕਾਰ ਅਤੇ ਤੀਜਾ ਸਭ ਤੋਂ ਵੱਡਾ ਰੇਪਸੀਡ ਬਰਾਮਦਕਾਰ ਸੀ। ਯੂਕ੍ਰੇਨੀ ਬਰਾਮਦਕਾਰ ਮਾਲੀਏ ’ਚ 41 ਫੀਸਦੀ ਅਨਾਜ ਦਾ ਹਿੱਸਾ ਹੈ ਅਤੇ ਦੇਸ਼ ਵੱਲੋਂ ਬਰਾਮਦ ਕੀਤੇ ਅਨਾਜ ਦਾ ਲਗਭਗ ਦੋ ਤਿਹਾਈ ਵਿਕਾਸਸ਼ੀਲ ਦੇਸ਼ਾਂ ਨੂੰ ਜਾਂਦਾ ਹੈ।


Rakesh

Content Editor

Related News