ਬ੍ਰਿਟੇਨ ''ਚ ਪੈਨਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਸ ਉਮਰ ਤੱਕ ਕਰਨਾ ਪਵੇਗਾ ਇੰਤਜ਼ਾਰ
Wednesday, Oct 07, 2020 - 09:08 AM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਸਰਕਾਰ ਵਲੋਂ ਬੁਢਾਪੇ ਵਿਚ ਨਾਗਰਿਕਾਂ ਦੀ ਵਿੱਤੀ ਸਹਾਇਤਾ ਕਰਨ ਲਈ ਪੈਨਸ਼ਨ ਸੇਵਾ ਦਿੱਤੀ ਜਾਂਦੀ ਹੈ। ਇਸ ਸਹੂਲਤ ਨੂੰ ਲੈਣ ਲਈ ਉਮਰ ਦੀ ਇਕ ਸੀਮਾ ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚ ਸਮੇਂ ਮੁਤਾਬਕ ਤਬਦੀਲੀ ਵੀ ਕੀਤੀ ਜਾਂਦੀ ਹੈ। ਇਸ ਸੇਵਾ ਵਿਚ ਹੋਈ ਨਵੀਂ ਤਬਦੀਲੀ ਮੁਤਾਬਕ ਬ੍ਰਿਟੇਨ ਵਿਚ ਪੁਰਸ਼ ਅਤੇ ਬੀਬੀਆਂ ਨੂੰ ਇਸ ਦਾ ਲਾਭ ਲੈਣ ਲਈ ਮੰਗਲਵਾਰ ਤੋਂ 66 ਸਾਲ ਦੀ ਉਮਰ ਹੋਣ ਤੱਕ ਇੰਤਜ਼ਾਰ ਕਰਨਾ ਪਏਗਾ।
10 ਸਾਲ ਪਹਿਲਾਂ, ਬੀਬੀਆਂ ਆਪਣੀ ਸੂਬਾਈ ਪੈਨਸ਼ਨ ਦਾ ਦਾਅਵਾ 60 ਸਾਲ 'ਤੇ ਕਰ ਸਕਦੀਆਂ ਸਨ ਜਦੋਂ ਕਿ ਪੁਰਸ਼ 65 ਸਾਲ ਦੀ ਉਮਰ ਵਿੱਚ ਇਹ ਯੋਗਤਾ ਪ੍ਰਾਪਤ ਕਰਦੇ ਸਨ ਪਰ ਹਾਲ ਹੀ ਦੇ ਸਾਲਾਂ ਵਿਚ ਕੀਤੀਆਂ ਤਬਦੀਲੀਆਂ ਨੇ ਦੋਵਾਂ ਦੀ ਉਮਰਾਂ ਸੰਬੰਧੀ ਯੋਗਤਾ ਨੂੰ ਇਕ ਕ੍ਰਮ ਵਿਚ ਲਿਆਂਦਾ ਹੈ ਅਤੇ ਦੋਵਾਂ ਦੀ ਉਮਰ ਵਿੱਚ ਵਾਧਾ ਕੀਤਾ ਹੈ। ਪੈਨਸ਼ਨ ਦੀ ਅਦਾਇਗੀ ਰਕਮ 175.20 ਪੌਂਡ ਤੱਕ ਹੈ ਅਤੇ ਹਰੇਕ ਉਸ ਵਿਅਕਤੀ ਨੂੰ ਇਸ ਦਾ ਭੁਗਤਾਨ ਕੀਤਾ ਜਾਂਦਾ ਹੈ, ਜਿਸ ਨੇ ਆਪਣੇ ਕੰਮਕਾਜੀ ਜੀਵਨ ਕਾਲ ਦੌਰਾਨ ਘੱਟੋ-ਘੱਟ 10 ਸਾਲਾਂ ਲਈ ਰਾਸ਼ਟਰੀ ਬੀਮੇ ਵਿੱਚ ਯੋਗਦਾਨ ਪਾਇਆ ਹੈ।
ਲੰਬੇ ਸਮੇਂ ਤੋਂ ਸੂਬੇ ਦੀ ਪੈਨਸ਼ਨ ਅਦਾਇਗੀਆਂ ਲਈ ਉਮਰ ਉੱਤੇ ਵਿਚਾਰ ਹੁੰਦੇ ਰਹੇ ਤੇ ਮਹਾਮਾਰੀ ਨੇ ਇਸ ਨੂੰ ਹੋਰ ਵੀ ਮਜ਼ਬੂਤ ਬਣਾਇਆ ਹੈ। ਇਹ ਪੈਨਸ਼ਨ ਦੀ ਰਾਸ਼ੀ ਉਨ੍ਹਾਂ ਦੀ ਮਦਦ ਕਰ ਸਕਦੀ ਹੈ ਜੋ ਗੰਭੀਰ ਬੀਮਾਰ ਹਨ ਜਾਂ ਜਿਨ੍ਹਾਂ ਨੂੰ ਆਪਣੇ ਅਜ਼ੀਜ਼ਾਂ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੈ। ਇਸ ਸੇਵਾ ਸੰਬੰਧੀ ਵਰਕ ਐਂਡ ਪੈਨਸ਼ਨ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਕਾਨੂੰਨੀ ਤੌਰ 'ਤੇ ਵਚਨਬੱਧ ਹੈ ਕਿ ਸੂਬਾ ਪੈਨਸ਼ਨ ਦੀ ਉਮਰ ਦੀ ਹਰ ਛੇ ਸਾਲਾਂ ਬਾਅਦ ਸਮੀਖਿਆ ਕਰੇ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਸਿਸਟਮ ਪੈਨਸ਼ਨਰਾਂ ਨੂੰ ਸੁਰੱਖਿਅਤ ਰੱਖਦਾ ਹੈ।