ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੀ ਪੋਸਟ-ਬ੍ਰੈਗਜ਼ਿਟ ਡੀਲ ਨੂੰ ਲੈ ਕੇ ਗੱਲਬਾਤ ਰਹੇਗੀ ਜਾਰੀ

Friday, Dec 18, 2020 - 01:22 PM (IST)

ਲੰਡਨ (ਬਿਊਰੋ): ਕੋਰੋਨਾ ਲਾਗ ਦੀ ਬਿਮਾਰੀ ਵਿਚ ਪਹਿਲਾਂ ਤੋਂ ਹੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਅਰਥਵਿਵਸਥਾ ਦੇ ਮੱਦੇਨਜ਼ਰ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿਚਕਾਰ ਪੋਸਟ-ਬ੍ਰੈਗਜ਼ਿਟ ਵਪਾਰ ਸਮਝੌਤੇ 'ਤੇ ਗੱਲਬਾਤ ਜਾਰੀ ਰੱਖਣ ਨੂੰ ਲੈਕੇ ਸਹਿਮਤੀ ਬਣ ਗਈ ਹੈ। ਇੱਕ ਸਾਂਝੇ ਬਿਆਨ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਯੂਰਪੀ ਯੂਨੀਅਨ ਦੀ ਮੁੱਖੀ ਅਰਸੁਲਾ ਵਨ ਡੇਰ ਲੇਆਨ ਨੇ ਕਿਹਾ,"ਅੱਗੇ ਵੱਧਣ ਲਈ ਜ਼ਿੰਮੇਵਾਰ ਬਣਨ ਦੀ ਜ਼ਰੂਰਤ ਹੈ।'' ਇਸ ਦੌਰਾਨ ਦੋਵੇਂ ਧਿਰਾਂ ਦੇ ਵਿਚਕਾਰ ਕੁਝ ਅਣਸੁਲਝੇ ਮੁੱਦਿਆਂ 'ਤੇ ਗੱਲਬਾਤ ਹੋਈ।ਉਹਨਾਂ ਅੱਗੇ ਵੀ ਗੱਲਬਾਤ ਕਰਨ 'ਤੇ ਆਪਣੀ ਸਹਿਮਤੀ ਪ੍ਰਗਟਾਈ।

ਬੋਰਿਸ ਜਾਨਸਨ ਅਤੇ ਉਰਸੁਲਾ ਵਨ ਡੇਰ ਲੇਆਨ ਨੇ ਇਸ ਗੱਲ ਲਈ ਐਤਵਾਰ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਸੀ ਕਿ ਅੱਗੇ ਗੱਲਬਾਤ ਨੂੰ ਜਾਰੀ ਰੱਖਣਾ ਹੈ ਜਾਂ ਨਹੀਂ।ਭਾਵੇਂਕਿ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਨਿਕ ਰਾਬ ਨੇ ਐਤਵਾਰ ਨੂੰ ਗੱਲਬਾਤ ਜਾਰੀ ਰਹਿਣ ਦੀ ਸੰਭਾਵਨਾ ਬਹੁਤ ਹੀ ਘੱਟ ਦੱਸੀ ਸੀ।ਇਸ ਫ਼ੈਸਲੇ ਨੂੰ ਲੈਕੇ ਪ੍ਰਧਾਨ ਮੰਤਰੀ ਹੁਣ ਕੈਬਨਿਟ ਵਿਚ ਚਰਚਾ ਕਰਣਗੇ।ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿਚਕਾਰ ਪੋਸਟ-ਬ੍ਰੈਗਜ਼ਿਟ ਵਪਾਰ ਸਮਝੌਤੇ ਨੂੰ ਲੈਕੇ ਮਾਰਚ ਤੋਂ ਗੱਲਬਾਤ ਹੋ ਰਹੀ ਹੈ। ਇਹ ਕੋਸਿਸ਼ ਕੀਤੀ ਜਾ ਰਹੀ ਹੈ ਕਿ 31 ਦਸੰਬਰ ਨੂੰ ਟ੍ਰਾਜ਼ਿਸ਼ਨ ਪੀਰੀਅਡ ਖ਼ਤਮ ਹੋਣ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਹੋ ਜਾਵੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਮੋਡਰਨਾ ਦੀ ਕੋਰੋਨਾ ਵੈਕਸੀਨ ਨੂੰ ਮਿਲੀ FDA ਦੀ ਮਨਜ਼ੂਰੀ

31 ਦਸੰਬਰ ਦੇ ਬਾਅਦ ਯੂਰਪੀ ਯੂਨੀਅਨ ਦੇ ਨਿਯਮ ਨਹੀਂ ਮੰਨੇਗਾ ਬ੍ਰਿਟੇਨ
ਗੌਰਤਲਬ ਹੈ ਕਿ ਬ੍ਰਿਟੇਨ 31 ਦਸੰਬਰ ਨੂੰ ਯੂਰਪੀ ਯੂਨੀਅਨ ਦੇ ਨਿਯਮਾਂ ਦੀ ਪਾਲਣਾ ਕਰਨੀ ਬੰਦ ਕਰ ਦਵੇਗਾ।ਇਸ ਤੋਂ ਬਾਅਦ ਦੋਵੇਂ ਧਿਰਾਂ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਤਹਿਤ ਵਪਾਰ ਦੇ ਸੌਦੇ ਕਰਨਗੀਆਂ।ਬਿਨਾਂ ਕਿਸੇ ਵਪਾਰ ਸਮਝੌਤੇ ਤੋਂ ਜੇਕਰ ਵਪਾਰ ਹੋਵੇਗਾ ਤਾਂ ਫਿਰ ਖ਼ਰੀਦਣ ਅਤੇ ਵੇਚਣ ਵਾਲੇ ਸਮਾਨਾਂ 'ਤੇ ਲੱਗਣ ਵਾਲੇ ਟੈਕਸਾਂ ਵਿਚ ਵਾਧਾ ਹੋ ਸਕਦਾ ਹੈ। ਉਰਸੁਲਾ ਵਨ ਡੇਰ ਲੇਆਨ ਨੇ ਕਿਹਾ ਹੈ,"ਇੱਕ ਸਾਲ ਤੱਕ ਚੱਲਣ ਵਾਲੇ ਸਮਝੌਤੇ 'ਤੇ ਗੱਲਬਾਤ ਦੇ ਬਾਰ-ਬਾਰ ਅਸਫਲ ਹੋਣ ਦੇ ਬਾਵਜੂਦ ਮੈਨੂੰ ਲਗਦਾ ਹੈ ਕਿ ਅੱਗੇ ਵਧਣ ਲਈ ਹੋਰ ਜ਼ਿੰਮੇਵਾਰ ਹੋਣ ਦੀ ਲੋੜ ਹੈ।" ਇਸ ਤੋਂ ਪਹਿਲਾਂ ਬੋਰਿਸ ਜਾਨਸਨ ਨੇ ਸੰਭਾਵਨਾ ਜਤਾਈ ਸੀ ਕਿ ਯੂਰਪੀਅਨ ਯੂਨੀਅਨ ਨਾਲ ਪੋਸਟ-ਬ੍ਰੈਗਜ਼ਿਟ ਵਪਾਰ ਸਮਝੌਤਾ ਨਹੀਂ ਹੋ ਪਾਵੇਗਾ। ਉਹਨਾਂ ਮੁਤਾਬਕ, ਗੱਲਬਾਤ ਜਾਰੀ ਰਹੇਗੀ ਪਰ ਹੁਣ  ਕਾਰੋਬਾਰਾਂ ਅਤੇ ਜਨਤਾ ਨੂੰ ਇਸ ਦੇ ਨਤੀਜੇ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।


Vandana

Content Editor

Related News