ਬ੍ਰਿਟਿਸ਼ PM ਅਤੇ ਜਰਮਨ ਚਾਂਸਲਰ ਨੇ ਯੂਕਰੇਨ ਦੀ ਸਥਿਤੀ ਬਾਰੇ ਕੀਤੀ ਚਰਚਾ
Friday, Jan 21, 2022 - 01:27 PM (IST)
ਲੰਡਨ (ਵਾਰਤਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਰੂਸ-ਯੂਕਰੇਨੀ ਸਰਹੱਦ ’ਤੇ ਵਧਦੇ ਤਣਾਅ ’ਤੇ ਚਰਚਾ ਕੀਤੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕਿਹਾ, ‘ਦੋਵਾਂ ਨੇਤਾਵਾਂ ਨੇ ਯੂਕਰੇਨ ਦੀ ਸਰਹੱਦ ’ਤੇ ਸੰਬੰਧਿਤ ਘਟਨਾਕ੍ਰਮ ’ਤੇ ਚਰਚਾ ਕੀਤੀ ਅਤੇ ਇਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਕਿ ਫੌਜੀ ਹਮਲੇ ਦੀ ਰੂਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।’
ਜੌਹਨਸਨ ਅਤੇ ਸਕੋਲਜ਼ ਨੇ ਯੂਕਰੇਨ ਵਿਚ ਰੂਸ ਵੱਲੋਂ ਜਾਰੀ ਕਾਰਵਾਈ ’ਤੇ ਗੱਲਬਾਤ ਕੀਤੀ ਅਤੇ ਇਸ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਜ਼ੋਰ ਦਿੱਤਾ ਕਿ ਯੂਕਰੇਨ ’ਤੇ ਹਮਲਾ ਕਰਨਾ ਰੂਸ ਦੀ ਗਲਤ ਰਣਨੀਤੀ ਹੋਵੇਗੀ। ਦਫ਼ਤਰ ਨੇ ਕਿਹਾ, ‘ਪ੍ਰਧਾਨ ਮੰਤਰੀ ਜਾਨਸਨ ਨੇ ਨਾਟੋ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ। ਦੋਵਾਂ ਨੇਤਾਵਾਂ ਨੇ ਇਸ ਮੁੱਦੇ ’ਤੇ ਨੇੜਲੇ ਭਵਿੱਖ ਵਿਚ ਸੰਪਰਕ ਵਿਚ ਰਹਿਣ ਲਈ ਸਹਿਮਤ ਪ੍ਰਗਟ ਕੀਤੀ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਚਾਂਸਲਰ ਸਕੋਲ਼ਜ਼ ਨਾਲ ਜੀ-7 ਪ੍ਰਧਾਨਗੀ ਦੌਰਾਨ ਮਿਲ ਕੇ ਕੰਮ ਕਰਨ ਲਈ ਉਤਸੁਕ ਹਨ।’
ਪੱਛਮੀ ਦੇਸ਼ਾਂ ਅਤੇ ਯੂਕਰੇਨ ਨੇ ਯੂਕਰੇਨ ਨਾਲ ਲੱਗਦੀ ਸਰਹੱਦ ਨੇੜੇ ਰੂਸ ਦੀਆਂ ਕਥਿਤ ‘ਹਮਲਾਵਰ ਕਾਰਵਾਈਆਂ’ ’ਤੇ ਬਹੁਤ ਚਿੰਤਾ ਜ਼ਾਹਰ ਕੀਤੀ ਹੈ। ਯੂਕਰੇਨ ਨੇ ਰੂਸ ’ਤੇ ਫੌਜੀ ਸ਼ਕਤੀ ਨੂੰ ਉਤਸ਼ਾਹਿਤ ਕਰਨ ਅਤੇ ਗੁਆਂਢੀ ਦੇਸ਼ ’ਤੇ ਹਮਲੇ ਦੀ ਤਿਆਰੀ ਕਰਨ ਦਾ ਦੋਸ਼ ਲਗਾਇਆ ਹੈ। ਰੂਸ ਨੇ ਹਾਲਾਂਕਿ ਅਜਿਹੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਇਹ ਦੁਹਰਾਇਆ ਕਿ ਉਸ ਦਾ ਕਿਸੇ ਦੇਸ਼ ’ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ।’