ਯੂ. ਕੇ. ਲੈਸਟਰ ਦੇ ਗੁਰੂ ਘਰ ਤਾਲਾਬੰਦੀ ਤੋਂ ਬਾਅਦ ਸੰਗਤਾਂ ਲਈ ਖੁੱਲ੍ਹੇ

Wednesday, Jul 22, 2020 - 08:24 AM (IST)

ਯੂ. ਕੇ. ਲੈਸਟਰ ਦੇ ਗੁਰੂ ਘਰ ਤਾਲਾਬੰਦੀ ਤੋਂ ਬਾਅਦ ਸੰਗਤਾਂ ਲਈ ਖੁੱਲ੍ਹੇ

ਲੰਡਨ, (ਰਾਜਵੀਰ ਸਮਰਾ)- ਬਰਤਾਨੀਆ ਦੇ ਸ਼ਹਿਰ ਲੈਸਟਰ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਆਪਸੀ ਸਲਾਹ ਨਾਲ ਲੰਮੀ ਤਾਲਾਬੰਦੀ ਤੋਂ ਬਾਅਦ ਗੁਰਦੁਆਰਾ ਸਾਹਿਬ ਸੰਗਤਾਂ ਲਈ ਖੋਲ੍ਹ ਦਿੱਤੇ ਗਏ ਹਨ ਪਰ ਲੈਸਟਰ 'ਚ ਕੁਝ ਸਰਕਾਰੀ ਹਦਾਇਤਾਂ ਮੁਤਾਬਕ ਤਾਲਾਬੰਦੀ ਹੋਰ ਦੋ ਹਫ਼ਤਿਆਂ ਲਈ ਵਧਾ ਦਿੱਤੀ ਗਈ ਹੈ।

ਲੈਸਟਰ 'ਚ ਬੀਤੇ ਕੁਝ ਸਮੇਂ ਤੋਂ ਕੋਰੋਨਾ ਮਹਾਂਮਾਰੀ ਦੇ ਕੇਸਾਂ ਦੀ ਗਿਣਤੀ 'ਚ ਵਾਧਾ ਹੋਣ ਕਾਰਨ ਲੈਸਟਰ ਸਿਟੀ ਕੌਾਸਲ ਵਲੋਂ ਦੋ ਹਫ਼ਤਿਆਂ ਲਈ ਲਾਕਡਾਊਨ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਇਸ ਲਾਕਡਾਊਨ ਦੀ ਮਿਆਦ ਸ਼ੁੱਕਰਵਾਰ ਖ਼ਤਮ ਹੋਣ ਤੋਂ ਬਾਅਦ ਅਤੇ ਲੈਸਟਰ ਦੇ ਹਾਲਾਤ ਨਾ ਸੁਧਾਰਨ ਕਾਰਨ ਦੋ ਹਫ਼ਤਿਆਂ ਲਈ ਲਾਕਡਾਊਨ 'ਚ ਹੋਰ ਵਾਧਾ ਕੀਤਾ ਗਿਆ।

ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਸੰਗਤਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਖ਼ਾਸ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਪੱਤਰਕਾਰਾਂ ਦੀ ਟੀਮ ਵਲੋਂ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਨਾਲ ਕੀਤੀ ਗੱਲਬਾਤ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਦੇ ਪ੍ਰਧਾਨ ਅਜਮੇਰ ਸਿੰਘ ਬਸਰਾ, ਜਨਰਲ ਸਕੱਤਰ ਅਮਰੀਕ ਸਿੰਘ ਗਿੱਲ ਨੇ ਦੱਸਿਆ ਕਿ ਸੰਗਤਾਂ ਦੀ ਮੰਗ ਨੂੰ ਮੱਦੇਨਜ਼ਰ ਰੱਖਦਿਆਂ ਸੀਮਤ ਸਮੇਂ ਲਈ ਗੁਰੂ ਘਰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰੇਕ ਗੁਰੂ ਘਰ 'ਚ ਸੰਗਤਾਂ ਦੀ ਸਿਹਤ ਦੇ ਮੱਦੇਨਜ਼ਰ ਸੰਗਤਾਂ ਲਈ ਹੱਥ ਧੋਣ ਲਈ ਸੈਨੇਟਾਈਜਰ, ਮਾਸਕ, ਇਕ-ਦੂਜੇ ਤੋਂ ਦੋ ਮੀਟਰ ਦੀ ਦੂਰੀ ਬਣਾਈ ਰੱਖਣ ਸਮੇਤ ਹੋਰ ਬਹੁਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਗੁਰੂ ਕਾ ਲੰਗਰ ਅਜੇ ਅਣਮਿੱਥੇ ਸਮੇਂ ਲਈ ਬੰਦ ਰਹੇਗਾ ਅਤੇ ਸੰਗਤਾਂ ਨੂੰ ਸਿਰਫ਼ ਕੜਾਹ ਪ੍ਰਸਾਦ ਹੀ ਲਿਫ਼ਾਫ਼ੇ 'ਚ ਪਾ ਕੇ ਦੇਣ ਦੀ ਸਹੂਲਤ ਕੀਤੀ ਗਈ ਹੈ।
 


author

Lalita Mam

Content Editor

Related News