ਯੂਕੇ: ਸਿਹਤ ਮੰਤਰੀ ਹੋਏ ਕੋਰੋਨਾ ਪੀੜਤ, ਪ੍ਰਧਾਨ ਮੰਤਰੀ ਸਮੇਤ ਹੋਰ ਹੋ ਸਕਦੇ ਹਨ ਇਕਾਂਤਵਾਸ
Sunday, Jul 18, 2021 - 02:27 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਨਵੇਂ ਨਿਯੁਕਤ ਕੀਤੇ ਗਏ ਸਿਹਤ ਮੰਤਰੀ ਸਾਜਿਦ ਜਾਵਿਦ ਦਾ ਕੋਰੋਨਾ ਟੈਸਟ ਸ਼ਨੀਵਾਰ ਨੂੰ ਪਾਜ਼ੇਟਿਵ ਆਇਆ। ਇਸ ਲਈ ਸੁਰੱਖਿਆ ਕਾਰਨਾਂ ਕਰਕੇ ਸਿਹਤ ਮੰਤਰੀ ਅਤੇ ਹੋਰ ਸੀਨੀਅਰ ਮੰਤਰੀ ਇਕਾਂਤਵਾਸ ਹੋ ਸਕਦੇ ਹਨ। ਸਿਹਤ ਸਕੱਤਰ ਨੇ ਸ਼ਨੀਵਾਰ ਸਵੇਰੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦਾ ਖੁਲਾਸਾ ਕੀਤਾ। ਉਹਨਾਂ ਦੱਸਿਆ ਕਿ ਉਹ ਸਿਰਫ ‘ਹਲਕੇ ਲੱਛਣਾਂ’ ਨਾਲ ਹੀ ਪੀੜਤ ਸਨ ਅਤੇ ਉਹ ਪੂਰੀ ਤਰ੍ਹਾਂ ਵੈਕਸੀਨ ਲਗਵਾ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- UAE ਨੇ ਭਾਰਤ ਸਮੇਤ ਪਾਕਿ ਤੇ ਬੰਗਲਾਦੇਸ਼ ਲਈ 31 ਜੁਲਾਈ ਤੱਕ ਵਧਾਈ ਪਾਬੰਦੀ ਮਿਆਦ
ਸਾਜਿਦ ਜਾਵਿਦ ਨੂੰ ਸਵੇਰੇ ਲੇਟਰਲ ਫਲੋਅ ਟੈਸਟ ਦੇ ਨਤੀਜੇ ਪ੍ਰਾਪਤ ਹੋਏ ਸਨ ਪਰ ਸ਼ਾਮ ਨੂੰ ਪੀ ਸੀ ਆਰ ਟੈਸਟ ਨੇ ਵੀ ਵਾਇਰਸ ਦੀ ਪੁਸ਼ਟੀ ਕੀਤੀ। ਜਿਸਦੇ ਬਾਅਦ ਐੱਨ ਐੱਚ ਐੱਸ ਟੈਸਟ ਐਂਡ ਟਰੇਸ ਪ੍ਰਣਾਲੀ ਸਿਹਤ ਮੰਤਰੀ ਦੇ ਨਜ਼ਦੀਕੀ ਸੰਪਰਕਾਂ ਨੂੰ ਲੱਭਣ ਅਤੇ ਇਕਾਂਤਵਾਸ ਕਰਨ ਲਈ ਕਹਿਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਜਾਵਿਦ ਦੁਆਰਾ ਸ਼ੁੱਕਰਵਾਰ ਨੂੰ ਡਾਉਨਿੰਗ ਸਟ੍ਰੀਟ ਵਿੱਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਮੁਲਾਕਾਤ ਕੀਤੀ ਮੰਨੀ ਜਾਂਦੀ ਹੈ। ਇਸ ਲਈ ਇਹ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਨੂੰ ਵੀ ਇਕਾਂਤਵਾਸ ਲਈ ਕਿਹਾ ਜਾ ਸਕਦਾ ਹੈ। ਜਾਵਿਦ ਵਾਈਟਹਾਲ 'ਚ ਸਿਹਤ ਵਿਭਾਗ ਦੇ ਆਪਣੇ ਦਫ਼ਤਰ ਤੋਂ ਕੰਮ ਕਰ ਰਿਹਾ ਸੀ ਅਤੇ ਪਿਛਲੇ ਹਫ਼ਤੇ ਵਿੱਚ ਤਿੰਨ ਵਾਰ ਕਾਮਨਜ਼ ਦੇ ਚੈਂਬਰ ਵਿੱਚ ਵੀ ਰਿਹਾ ਸੀ।ਜਾਵਿਦ ਦੇ ਨੇੜਲੇ ਸੰਪਰਕਾਂ ਵਿੱਚ ਮੈਟਰੋਪੋਲੀਟਨ ਪੁਲਸ ਸੁਰੱਖਿਆ ਅਧਿਕਾਰੀ ਅਤੇ ਵਿਭਾਗੀ ਸਟਾਫ ਮੈਂਬਰ ਵੀ ਹੋ ਸਕਦੇ ਹਨ।