ਓਮੀਕਰੋਨ ਤੋਂ ਪ੍ਰਭਾਵਿਤ ਕਾਰੋਬਾਰਾਂ ਨੂੰ ਇੱਕ ਅਰਬ ਪੌਂਡ ਦੀ ਮਦਦ ਦੇਵੇਗੀ ਬ੍ਰਿਟੇਨ ਸਰਕਾਰ
Tuesday, Dec 21, 2021 - 09:28 PM (IST)
ਲੰਡਨ - ਬ੍ਰਿਟੇਨ ਸਰਕਾਰ ਕੋਰੋਨਾ ਵਾਇਰਸ ਦੇ ਨਵੇਂ ਸਵਰੁਪ ਓਮੀਕਰੋਨ ਤੋਂ ਪ੍ਰਭਾਵਿਤ ਹੋਟਲ, ਰੇਸਤਰਾਂ ਅਤੇ ਹੋਰ ਸਬੰਧਿਤ ਖੇਤਰਾਂ ਨੂੰ ਇੱਕ ਅਰਬ ਪੌਂਡ ਦੀ ਮਦਦ ਦੇਵੇਗੀ। ਸਰਕਾਰ ਨੇ ਪੱਬ, ਰੇਸਤਰਾਂ ਅਤੇ ਹੋਰ ਸਬੰਧਿਤ ਕਾਰੋਬਾਰਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਇਹ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਕਾਰਨ ਸਿਹਤ ਸਬੰਧੀ ਦਿਸ਼ਾ-ਨਿਰਦੇਸ਼ਾਂ ਤੋਂ ਹੋਟਲ ਅਤੇ ਰੇਸਤਰਾਂ ਉਦਯੋਗ ਦੀ ਕਮਾਈ ਵਿੱਚ ਗਿਰਾਵਟ ਆਈ ਹੈ। ਬ੍ਰਿਟੇਨ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਹੋਟਲ ਅਤੇ ਮਨੋਰੰਜਨ ਨਾਲ ਸਬੰਧਿਤ ਉਦਯੋਗ (ਲੀਜ਼ਰ ਸੈਕਟਰ) ਲਈ ਪ੍ਰਤੀ ਪਰਿਸਰ 6,000 ਪੌਂਡ ਤੱਕ ਦੀ ਗ੍ਰਾਂਟ ਲਈ ਇੱਕ ਅਰਬ ਪੌਂਡ ਦੇ ਪੈਕੇਜ ਦੀ ਘੋਸ਼ਣਾ ਕੀਤੀ। ਇਹ ਗ੍ਰਾਂਟ ਇੱਕ ਵਾਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ, ਅਸੀਂ ਮੰਨਦੇ ਹਾਂ ਕਿ ਓਮੀਕਰੋਨ ਕਾਰਨ ਹੋਟਲ ਅਤੇ ‘ਲੀਜ਼ਰ' ਖੇਤਰਾਂ ਵਿੱਚ ਪੇਸ਼ਾ ਇਸ ਅਹਿਮ ਮੌਕੇ 'ਤੇ ਭਾਰੀ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਅਸੀਂ ਇੱਕ ਅਰਬ ਪੌਂਡ ਦੀ ਆਰਥਿਕ ਸਹਾਇਤਾ ਦੀ ਘੋਸ਼ਣਾ ਕਰ ਰਹੇ ਹਾਂ। ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਵਾਧੇ ਨਾਲ ਕਈ ਪੱਬ ਅਤੇ ਰੇਸਤਰਾਂ ਦੀ ਬੁਕਿੰਗ ਰੱਦ ਹੋ ਰਹੀ ਹੈ। ਕਾਰੋਬਾਰਾਂ ਲਈ ਦਸੰਬਰ ਦਾ ਮਹੀਨਾ ਸਭ ਤੋਂ ਲਾਭਦਾਇਕ ਹੁੰਦਾ ਹੈ ਪਰ ਇਸ ਵਾਰ ਕਈ ਵਪਾਰੀਆਂ ਨੂੰ ਦਸੰਬਰ ਵਿੱਚ 40 ਤੋਂ 60 ਫ਼ੀਸਦੀ ਦਾ ਨੁਕਸਾਨ ਹੋਇਆ ਹੈ। ਸਰਕਾਰ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਅਚਾਨਕ ਵਾਧੇ ਨਾਲ ਪ੍ਰਭਾਵਿਤ ਹੋਰ ਖੇਤਰਾਂ (ਹੋਟਲ ਅਤੇ ਲੀਜ਼ਰ ਖੇਤਰਾਂ ਨੂੰ ਸਾਮਾਨ ਦੀ ਸਪਲਾਈ ਕਰਨ ਵਾਲੇ) ਦਾ ਸਮਰਥਨ ਕਰਨ ਲਈ ਸਥਾਨਕ ਪ੍ਰਸ਼ਾਸਨ ਨੂੰ ਵਾਧੂ 10 ਕਰੋੜ ਪੌਂਡ ਵੀ ਦੇਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।