ਯੂਕੇ: ਨੌਜਵਾਨਾਂ ਨੂੰ ਕੋਰੋਨਾ ਵੈਕਸੀਨ ਲਈ ਉਤਸ਼ਾਹਿਤ ਕਰਨ ਲਈ ਡੇਟਿੰਗ ਐਪਸ ਵੱਲੋਂ ਹੋਵੇਗੀ ਆਫ਼ਰਾਂ ਦੀ ਬਰਸਾਤ

Monday, Jun 07, 2021 - 02:59 PM (IST)

ਯੂਕੇ: ਨੌਜਵਾਨਾਂ ਨੂੰ ਕੋਰੋਨਾ ਵੈਕਸੀਨ ਲਈ ਉਤਸ਼ਾਹਿਤ ਕਰਨ ਲਈ ਡੇਟਿੰਗ ਐਪਸ ਵੱਲੋਂ ਹੋਵੇਗੀ ਆਫ਼ਰਾਂ ਦੀ ਬਰਸਾਤ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਵਿਸ਼ਵ ਭਰ ਦੇ ਦੇਸ਼ਾਂ ਵਿਚ ਆਪਣੇ ਨਾਗਰਿਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਲਈ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਯੂਕੇ ਸਰਕਾਰ ਵੱਲੋਂ ਵੀ ਖ਼ਾਸ ਕਰਕੇ 30 ਸਾਲ ਤੱਕ ਦੇ ਨੌਜਵਾਨਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਡੇਟਿੰਗ ਐਪਸ ਨਾਲ ਭਾਈਵਾਲੀ ਕੀਤੀ ਜਾ ਰਹੀ ਹੈ, ਜਿਸ ਤਹਿਤ ਯੂਜ਼ਰ ਇਹ ਦੇਖ ਸਕਣਗੇ ਕਿ ਉਸ ਦੇ ਸੰਭਾਵਿਤ ਮੈਚ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਵੈਕਸੀਨ ਲਗਵਾਈ ਹੈ ਜਾਂ ਨਹੀਂ। ਇਸ ਹਫ਼ਤੇ ਸ਼ੁਰੂ ਹੋ ਰਹੀ ਯੋਜਨਾ ਲਈ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ (ਡੀ ਐਚ ਐਸ ਸੀ) ਨੇ ਪ੍ਰਸਿੱਧ ਡੇਟਿੰਗ ਐਪਸ ਨਾਲ ਮਿਲ ਕੇ ਕੰਮ ਕੀਤਾ ਹੈ, ਜਿਸ ਵਿਚ ਟਿੰਡਰ, ਮੈਚ, ਹਿੱਜ, ਬੰਬਲ, ਬੇਡੋ, ਪਲੈਂਟੀ ਆਫ ਫਿਸ਼, ਅਵਰਟਾਈਮ ,ਮਜ਼ਮੈਚ ਆਦਿ ਦੇ ਉਪਭੋਗਤਾ ਆਪਣੀ ਕੋਰੋਨਾ ਟੀਕਾਕਰਨ ਦੀ ਸਥਿਤੀ, ਜਿਸ ਵਿਚ ਵਰਚੁਅਲ ਬੈਜ ਅਤੇ ਸਟਿੱਕਰ ਸ਼ਾਮਲ ਹਨ, ਨੂੰ ਸ਼ਾਮਲ ਕਰਨ ਉਪਰੰਤ ਕਈ ਤਰ੍ਹਾਂ ਦੇ ਫਾਇਦਿਆਂ ਦਾ ਅਨੰਦ ਲੈਣਗੇ।

ਜ਼ਿਆਦਾਤਰ ਐਪਸ ਟੀਕੇ ਲਗਵਾ ਚੁੱਕੇ ਉਨ੍ਹਾਂ ਲੋਕਾਂ ਨੂੰ ਪ੍ਰੀਮੀਅਮ ਸੇਵਾਵਾਂ ਮੁਫ਼ਤ ਬੋਨਸ ਦੇ ਤੌਰ 'ਤੇ ਦੇਣਗੀਆਂ, ਜੋ ਆਪਣੀ ਡਿਟੇਲ ਵਿਚ ਇਹ ਦੱਸਣਗੇ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ। ਡੇਟਿੰਗ ਪਲੇਟਫਾਰਮ ’ਤੇ ਲੋਕਾਂ ਨੂੰ ਪ੍ਰੋਫਾਈਲ ਬੈਜ ਦਿੱਤਾ ਜਾਏਗਾ, ਜਿਸ ਤਹਿਤ ਇਹ ਪਤਾ ਲੱਗ ਸਕੇਗਾ ਕਿ ਉਹ ਵੈਕਸੀਨੇਟਡ ਹੈ ਜਾਂ ਨਹੀਂ। ਇਸ ਦੇ ਇਲਾਵਾ ਉਹਨਾਂ ਦੀ ਪ੍ਰੋਫਾਈਲ ਨੂੰ ਬੂਸਟ ਵੀ ਕੀਤਾ ਜਾਵੇਗਾ। ਇਹ ਸਕੀਮ ਪੂਰੀ ਤਰ੍ਹਾਂ ਸਵੈ-ਇੱਛੁਕ ਹੈ ਅਤੇ ਕਿਸੇ ਵੀ ਮੈਡੀਕਲ ਰਿਕਾਰਡ ਜਾਂ ਐੱਨ. ਐੱਚ. ਐੱਸ. ਐਪ. ਨਾਲ ਨਹੀਂ ਜੁੜੀ ਹੈ, ਅਤੇ ਇਹ ਪੂਰੀ ਤਰ੍ਹਾਂ ਭਰੋਸੇ 'ਤੇ ਅਧਾਰਤ ਹੈ। ਇਹ ਡੇਟਿੰਗ ਸਾਈਟਾਂ ਅਤੇ ਐਪਸ ਹਰ ਉਮਰ ਦੇ ਲੋਕਾਂ ਦੀ ਪੂਰਤੀ ਕਰਦੀਆਂ ਹਨ, ਪਰ ਮੁੱਖ ਤੌਰ 'ਤੇ ਨੌਜਵਾਨ ਲੋਕ ਇਹਨਾਂ ਨੂੰ ਵਰਤਦੇ ਹਨ। ਅਜਿਹਾ ਹੀ ਇਕ ਤਰੀਕਾ ਪਿਛਲੇ ਮਹੀਨੇ ਅਮਰੀਕਾ ਵਿਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਬਾਈਡੇਨ ਪ੍ਰਸ਼ਾਸਨ ਨੇ ਡੇਟਿੰਗ ਐਪਸ ਨਾਲ ਭਾਈਵਾਲੀ ਕੀਤੀ ਸੀ। ਯੂਕੇ ਦੇ ਮੰਤਰੀ, ਨਾਧਿਮ ਜ਼ਹਾਵੀ ਨੇ ਦੇਸ਼ ਭਰ ਵਿਚ ਟੀਕਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਡੇਟਿੰਗ ਐਪਸ ਨਾਲ ਸਾਂਝੇਦਾਰੀ ਦੇ ਕਦਮ ਦੀ ਸਲਾਹੁਤਾ ਕੀਤੀ ਹੈ।
 


author

cherry

Content Editor

Related News