ਯੂਕੇ: NHS ਕਾਮਿਆਂ ਦੇ ਹੱਕ 'ਚ ਪ੍ਰਦਰਸ਼ਨ ਦੌਰਾਨ ਬਜ਼ੁਰਗ ਬੀਬੀ ਗ੍ਰਿਫ਼ਤਾਰ

Monday, Mar 08, 2021 - 04:15 PM (IST)

ਯੂਕੇ: NHS ਕਾਮਿਆਂ ਦੇ ਹੱਕ 'ਚ ਪ੍ਰਦਰਸ਼ਨ ਦੌਰਾਨ ਬਜ਼ੁਰਗ ਬੀਬੀ ਗ੍ਰਿਫ਼ਤਾਰ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿਚ ਐਨ.ਐਚ.ਐਸ. ਕਰਮਚਾਰੀਆਂ ਲਈ ਪ੍ਰਸਤਾਵਿਤ 1% ਤਨਖਾਹ ਦੇ ਵਾਧੇ ਵਿਰੁੱਧ ਇੱਕ ਪ੍ਰਦਰਸ਼ਨ ਦੌਰਾਨ ਇੱਕ ਬਜ਼ੁਰਗ ਪ੍ਰਦਰਸ਼ਨਕਾਰੀ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਇਸ ਦੇ ਪ੍ਰਬੰਧਕ ਨੂੰ ਕੋਰੋਨਾ ਤਾਲਾਬੰਦੀ ਦੇ ਨਿਯਮ ਤੋੜਨ ਲਈ 10,000 ਪੌਂਡ ਦਾ ਜੁਰਮਾਨਾ ਵੀ ਕੀਤਾ ਗਿਆ। ਸਿਹਤ ਕਰਮਚਾਰੀਆਂ ਦੀ ਤਨਖਾਹ ਵਿੱਚ ਇਸ ‘ਅਪਮਾਨਜਨਕ’ ਵਾਧੇ ਲਈ ਵਿਆਪਕ ਰੋਸ ਤਹਿਤ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 

ਕੋਰੋਨਾ ਮਹਾਮਾਰੀ ਦੌਰਾਨ ਦਿਨ ਰਾਤ ਇੱਕ ਕਰਕੇ ਮਾਨਵਤਾ ਦੀ ਸੇਵਾ ਕਰਨ ਵਾਲੇ ਸਿਹਤ ਕਰਮਚਾਰੀ, ਉਹਨਾਂ ਦੀ ਤਨਖਾਹ ਵਿੱਚ ਇਸ ਵਾਧੇ ਤੋਂ ਨਾਰਾਜ਼ ਹਨ ਅਤੇ ਐਨ.ਐਚ.ਐਸ. ਕਰਮਚਾਰੀਆਂ ਨੇ ਹੜਤਾਲ ਕਰਨ ਦੀ ਧਮਕੀ ਵੀ ਦਿੱਤੀ ਹੈ। ਇਸੇ ਹੀ ਮਾਮਲੇ ਦੇ ਹਿੱਸੇ ਵਜੋਂ ਐਤਵਾਰ ਨੂੰ ਮਾਨਚੈਸਟਰ ਦੇ ਸੇਂਟ ਪੀਟਰਜ਼ ਸਕੁਏਰ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਕੋਵਿਡ ਪਾਬੰਦੀਆਂ ਦੀ ਉਲੰਘਣਾ ਕਰਨ ਲਈ ਅਧਿਕਾਰੀਆਂ ਵੱਲੋਂ ਰੋਕਿਆ ਗਿਆ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਕੈਨੇਡਾ 'ਚ ਨਵੇਂ ਪ੍ਰਵਾਸੀ ਦੇਸ਼ ਪਰਤਣ ਲਈ ਹੋਏ ਮਜਬੂਰ

ਮਾਨਚੇਸਟਰ ਪੁਲਸ ਨੇ ਇਸ ਦੌਰਾਨ 65 ਸਾਲ ਦੀ ਇੱਕ ਬੀਬੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੂੰ ਬਾਅਦ ਵਿੱਚ  200 ਪੌਂਡ ਜੁਰਮਾਨਾ ਕੀਤਾ ਗਿਆ। ਇਸ ਦੇ ਇਲਾਵਾ ਇਸ ਵਿਰੋਧ ਪ੍ਰਦਰਸ਼ਨ ਦੇ 61 ਸਾਲਾ ਪ੍ਰਬੰਧਕ ਨੂੰ ਲੱਗਭਗ 40 ਲੋਕਾਂ ਦਾ ਇਕੱਠ ਕਰਨ ਲਈ ਤਾਲਾਬੰਦੀ ਪਾਬੰਦੀਆਂ ਦੀ ਉਲੰਘਣਾ ਕਰਨ ਲਈ 10,000 ਪੌਂਡ ਦਾ ਸਥਿਰ ਪੈਨਲਟੀ ਨੋਟਿਸ ਵੀ ਜਾਰੀ ਕੀਤਾ ਗਿਆ। ਸਰਕਾਰ ਦੁਆਰਾ ਪ੍ਰਸਤਾਵਿਤ 1% ਵਾਧੇ ਦੇ ਵਿਰੋਧ ਵਿੱਚ ਸਿਹਤ ਯੂਨੀਅਨਾਂ ਦੁਆਰਾ ਇਸ ਨੂੰ ਅਪਮਾਨਜਨਕ ਦੱਸਿਆ ਗਿਆ ਹੈ।


author

Vandana

Content Editor

Related News