ਯੂ. ਕੇ. ''ਚ ਕੋਰੋਨਾ ਵਾਇਰਸ ਪਾਬੰਦੀਆਂ ਨੇ ਘਟਾਈ ਸ਼ਰਾਬ ਦੀ ਵਿਕਰੀ

Friday, Jan 08, 2021 - 05:46 PM (IST)

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਦੇਸ਼ ਵਿਚ ਕੋਰੋਨਾ ਵਾਇਰਸ ਨੇ ਕਈ ਕਾਰੋਬਾਰਾਂ ਨੂੰ ਵੀ ਘਾਟੇ ਵਿਚ ਪਾਇਆ ਹੈ। ਇਸ ਸਮੇਂ ਦੌਰਾਨ ਸ਼ਰਾਬ ਦੇ ਕਾਰੋਬਾਰ ਨੂੰ ਵੀ ਭਾਰੀ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। 

ਸਾਲ 2020 ਵਿਚ ਤਾਲਾਬੰਦੀ ਅਤੇ ਹੋਰ ਪਾਬੰਦੀਆਂ ਦੌਰਾਨ ਯੂ. ਕੇ. ਵਿਚ ਸ਼ਰਾਬ ਦੀ ਵਿਕਰੀ ਕਾਫੀ ਹੱਦ ਤੱਕ ਘੱਟ ਗਈ ਹੈ। ਅਗਲੇ ਕੁੱਝ ਹਫਤਿਆਂ ਤੱਕ ਪ੍ਰਕਾਸ਼ਿਤ ਹੋਣ ਵਾਲੀ ਇਕ ਰਿਪੋਰਟ ਅਨੁਸਾਰ ਇਸ ਸਮੇਂ ਦੌਰਾਨ ਬੀਅਰ ਦੀ ਵਿਕਰੀ 'ਚ 10 ਫ਼ੀਸਦੀ ਜਦਕਿ ਵਾਈਨ ਦੀ ਵਿਕਰੀ ਵਿਚ 5 ਫ਼ੀਸਦੀ ਤੱਕ ਦੀ ਗਿਰਾਵਟ ਆਈ ਹੈ। 

ਕੋਰੋਨਾ ਤਾਲਾਬੰਦੀ ਦੌਰਾਨ ਸਿਹਤ ਮਾਹਿਰਾਂ ਨੂੰ ਡਰ ਸੀ ਕਿ ਬ੍ਰਿਟਿਸ਼ ਲੋਕਾਂ ਦੇ ਘਰ ਰਹਿਣ ਕਰਕੇ ਸ਼ਰਾਬ ਦੀ ਵਿਕਰੀ ਵੱਧ ਸਕਦੀ ਹੈ ਪਰ ਵਾਈਨ ਐਂਡ ਸਪਿਰਿਟ ਟ੍ਰੇਡ ਐਸੋਸੀਏਸ਼ਨ (ਡਬਲਯੂ.ਐਸ.ਟੀ.ਏ) ਦੀ ਸਾਲਾਨਾ ਮਾਰਕੀਟ ਰਿਪੋਰਟ ਮੁਤਾਬਕ ਪੱਬਾਂ ਅਤੇ ਰੈਸਟੋਰੈਂਟਾਂ ਦੇ ਬੰਦ ਹੋਣ ਨਾਲ ਸ਼ਰਾਬ ਦੀ ਵਿਕਰੀ 'ਚ ਗਿਰਾਵਟ ਆਈ ਹੈ। 

ਇਸ ਸੰਸਥਾ ਅਨੁਸਾਰ ਪ੍ਰਚੂਨ ਵਪਾਰੀਆਂ ਨੇ ਮਹਾਮਾਰੀ ਦੌਰਾਨ ਸ਼ਰਾਬ ਦੀ ਭਾਰੀ ਵਿਕਰੀ ਕੀਤੀ ਹੈ ,ਜਿਸ ਵਿਚ ਸ਼ਰਾਬ ਦੇ ਇਕ ਬ੍ਰਾਂਡ "ਜਿਨ" ਦੀ ਵਿਕਰੀ 'ਚ 22 ਫ਼ੀਸਦੀ ਵਾਧੇ ਨਾਲ ਇਕ ਬਿਲੀਅਨ ਪੌਂਡ ਕਮਾਏ ਹਨ ਪਰ ਪ੍ਰਹੁਣਚਾਰੀ ਸੈਕਟਰ ਦੇ ਅੰਕੜਿਆਂ ਅਨੁਸਾਰ 2020 ਵਿਚ ਵੀ ਜਿਨ ਸ਼ਰਾਬ ਦੀ ਵਿਕਰੀ ਘਟੀ ਹੈ। ਸ਼ਰਾਬ ਦੇ ਇਸ ਬ੍ਰਾਂਡ 'ਤੇ ਬ੍ਰਿਟਿਸ਼ ਲੋਕਾਂ ਨੇ ਅਕਤੂਬਰ 2020 ਤੱਕ 2.2 ਬਿਲੀਅਨ ਪੌਂਡ ਖਰਚ ਕੀਤੇ ਹਨ, ਜੋ ਕਿ 2019 ਵਿਚ ਇਸੇ ਸਮੇਂ ਦੌਰਾਨ 2.6 ਬਿਲੀਅਨ ਪੌਂਡ ਖਰਚੇ ਗਏ ਸਨ।


Lalita Mam

Content Editor

Related News