ਬ੍ਰਿਟੇਨ: ਭਾਰਤੀ ਮੂਲ ਦੇ ਸਵਰਣ ਸਿੰਘ ਨੂੰ ਜਾਨਸਨ ਸਰਕਾਰ ''ਚ ਮਿਲੀ ਵੱਡੀ ਜ਼ਿੰਮੇਦਾਰੀ

12/18/2019 4:57:01 PM

ਲੰਡਨ- ਬ੍ਰਿਟੇਨ ਵਿਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਭਾਰਤੀ ਮੂਲ ਦੇ ਪ੍ਰੋਫੈਸਰ ਸਵਰਣ ਸਿੰਘ ਨੂੰ ਅਹਿਮ ਜ਼ਿੰਮੇਦਾਰੀ ਸੌਂਪੀ ਹੈ। ਉਹਨਾਂ ਨੂੰ ਇਸਲਾਮੋਫੋਬੀਆ ਸਣੇ ਸਮਾਜਿਕ ਤੇ ਧਾਰਮਿਕ ਮਸਲਿਆਂ 'ਤੇ ਸੁਝਾਅ ਦੇਣ ਲਈ ਗਠਿਤ ਸੁਤੰਤਰ ਸਮੀਖਿਆ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਕਮੇਟੀ ਭੇਦਭਾਵ ਤੇ ਪੱਖਪਾਤ ਨਾਲ ਜੁੜੀਆਂ ਸ਼ਿਕਾਇਤਾਂ ਦੇ ਬਿਹਤਰ ਨਿਪਟਾਰੇ ਦੇ ਲਈ ਗਠਿਤ ਕੀਤੀ ਗਈ ਹੈ।

ਕੰਜ਼ਰਵੇਟਿਵ ਪਾਰਟੀ ਦੇ ਪ੍ਰੋਫੈਸਰ ਸਿੰਘ ਦੀ ਨਿਯੁਕਤੀ ਦਾ ਸਾਹਸੀ ਕਦਮ ਉਹਨਾਂ ਖਬਰਾਂ ਦੇ ਵਿਚਾਲੇ ਚੁੱਕਿਆ ਗਿਆ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਇਸ ਪਾਰਟੀ ਦੀ ਸਰਕਾਰ ਵਿਚ ਮੁਸਲਮਾਨ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਮੁਸਲਿਮ ਕੌਂਸਲ ਆਫ ਬ੍ਰਿਟੇਨ (ਐਮ.ਸੀ.ਬੀ.) ਨੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਅਪੀਲ ਕੀਤੀ ਕਿ ਉਹ ਬ੍ਰਿਟਿਸ਼ ਮੁਸਲਮਾਨਾਂ ਨੂੰ ਭਰੋਸਾ ਦੇਣ। ਵਾਰਵਿਕ ਯੂਨੀਵਰਸਿਟੀ ਵਿਚ ਸਮਾਜਿਕ ਤੇ ਭਾਈਚਾਰਕ ਮਨੋਵਿਗਿਆਨ ਦੇ ਪ੍ਰੋਫੈਸਰ ਸਵਰਣ ਸਿੰਘ ਇਸ ਗੱਲ ਦੀ ਜਾਂਚ-ਪੜਤਾਲ ਕਰਨਗੇ ਕਿ ਕੰਜ਼ਰਵੇਟਿਵ ਪਾਰਟੀ ਇਸ ਤਰ੍ਹਾਂ ਦੇ ਮਾਮਲਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਕਿਵੇਂ ਬਿਹਤਰ ਕਰ ਸਕਦੀ ਹੈ।

ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਜੇਮਸ ਕਲੇਵਰਲੀ ਨੇ ਕਿਹਾ ਕਿ ਮੈਨੂੰ ਪਾਰਟੀ ਵਿਚ ਭੇਦਭਾਵ ਤੇ ਪੱਖਪਾਤ ਦੀ ਸੁਤੰਤਰ ਸਮੀਖਿਆ ਦੇ ਲਈ ਪ੍ਰੋਫੈਸਰ ਸਵਰਣ ਸਿੰਘ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ। ਕੰਜ਼ਰਵੇਟਿਵ ਪਾਰਟੀ ਹਮੇਸ਼ਾ ਦੋਸ਼ਾਂ 'ਤੇ ਤੁਰੰਤ ਕਾਰਵਾਈ ਕਰਦੀ ਹੈ। ਸਵਰਣ ਸਿੰਘ ਸਮਾਨਤਾ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਕਮਿਸ਼ਨਰ ਵੀ ਹਨ। ਪ੍ਰੋਫੈਸਰ ਸਿੰਘ ਇਹ ਜ਼ਿੰਮੇਦਾਰੀ 2013 ਤੋਂ ਸੰਭਾਲ ਰਹੇ ਹਨ।


Related News