5 ਮਹੀਨੇ ਦੇ ਬੱਚੇ ਨੂੰ ਦਿੱਤੀ ਗਈ ‘ਚਮਤਕਾਰੀ ਦਵਾਈ’, ਇਕ ਖ਼ੁਰਾਕ ਦੀ ਕੀਮਤ 18 ਕਰੋੜ ਤੋਂ ਵੱਧ
Tuesday, Jun 01, 2021 - 10:03 AM (IST)
ਲੰਡਨ : ਬ੍ਰਿਟੇਨ ਵਿਚ ਇਕ ਬੱਚਾ ਅਜਿਹੀ ਦੁਰਲਭ ਬੀਮਾਰੀ ਨਾਲ ਪੀੜਤ ਹੈ, ਜਿਸ ਦੇ ਇਲਾਜ ਦਾ ਖ਼ਰਚਾ ਸੁਣ ਹਰ ਕੋਈ ਹੈਰਾਨ ਹੋ ਰਿਹਾ ਹੈ। ਹਾਲਾਂਕਿ ਸਰਕਾਰੀ ਕੋਸ਼ਿਸ਼ਾਂ ਨਾਲ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਉਹ ਜਲਦ ਹੀ ਠੀਕ ਹੋ ਜਾਏਗਾ। 5 ਮਹੀਨੇ ਦਾ ਆਰਥਰ ਮੋਰਗਨ ਸਪਾਈਨਲ ਮਸਕੁਲਰ ਐਟਰੋਫੀ (Spinal Muscular Atrophy-SMA) ਦਾ ਸਾਹਮਣਾ ਕਰ ਰਿਹਾ ਹੈ, ਜੋ ਆਮ ਤੌਰ ’ਤੇ 2 ਸਾਲ ਦੇ ਅੰਦਰ ਲਕਵਾ ਅਤੇ ਮੌਤ ਦਾ ਕਾਰਨ ਬਣ ਸਕਦੀ ਹੈ। ਇਸ ਦੇ ਇਲਾਜ ਲਈ ਮੋਰਗਨ ਨੂੰ ਇਕ ਅਜਿਹਾ ਟੀਕਾ ਲਗਾਇਆ ਗਿਆ ਹੈ, ਜਿਸ ਦੀ ਕੀਮਤ ਚੁਕਾਉਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ।
ਇਕ ਅੰਗਰੇਜੀ ਅਖ਼ਬਾਰ ‘ਦਿ ਸਨ’ ਵਿਚ ਛਪੀ ਖ਼ਬਰ ਮੁਤਾਬਕ ਆਰਥਰ ਮੋਰਗਨ ਨੂੰ ਪਿਛਲੇ ਹਫ਼ਤੇ ਇਕ ‘ਚਮਤਕਾਰੀ ਦਵਾਈ’ (Miracle Drug) ਦਾ ਟੀਕਾ ਲਗਾਇਆ ਗਿਆ। ਇਸ ਦੀ ਇਕ ਡੋਜ਼ ਦੀ ਕੀਮਤ 1.79 ਮਿਲੀਅਨ ਪੌਂਡ (ਕਰੀਬ ਸਾਢੇ 18 ਕਰੋੜ ਰੁਪਏ) ਹੈ। ਬ੍ਰਿਟੇਨ ਵਿਚ ਇਸ ਤੋਂ ਪਹਿਲਾਂ ਇਹ ਟੀਕਾ ਕਿਸੇ ਨੂੰ ਨਹੀਂ ਲਗਾਇਆ ਗਿਆ ਹੈ। ਇਸ ਨੂੰ ਚਮਤਕਾਰੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਇਕ ਖ਼ੁਰਾਕ ਹੀ ਜਾਨ ਬਚਾਉਣ ਲਈ ਕਾਫ਼ੀ ਹੈ।
ਇਹ ਵੀ ਪੜ੍ਹੋ: ਮਾਹਰਾਂ ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਵਾਰ-ਵਾਰ ਆਵੇਗੀ, ਕੋਵਿਡ-26 ਅਤੇ ਕੋਵਿਡ-32 ਦੇ ਵੀ ਚਾਂਸ!
ਬੱਚੇ ਦੇ ਇਲਾਜ ਲਈ ਨੈਸ਼ਨਲ ਹੈਲਥ ਅਥਾਰਿਟੀ (NHA) ਨੇ Zolgensma ਬਣਾਉਣ ਵਾਲੀ ਕੰਪਨੀ ਨਾਲ ਇਤਿਹਾਸਕ ਕਰਾਰ ਕੀਤਾ ਹੈ, ਜਿਸ ਦੇ ਬਾਅਦ ਬੱਚੇ ਨੂੰ ਲਾਈਫ ਸੇਵਿੰਗ ਡਰੱਗ ਦਿੱਤੀ ਗਈ। Zolgensma ਇਕ ਨਵੀਂ ਜੀਨ ਥੈਰੇਪੀ ਹੈ, ਜਿਸ ਨੂੰ ਟੀਕੇ ਰਾਹੀਂ ਮਰੀਜ਼ ਦੇ ਸਰੀਰ ਦੇ ਅੰਦਰ ਭੇਜਿਆ ਜਾਂਦਾ ਹੈ। ਦੱਸ ਦੇਈਏ ਕਿ ਸਵਿਸ ਫਰਮ ਨੋਵਾਰਟਿਸ Zolgensma ਬਣਾਉਂਦੀ ਹੈ। ਇਹ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ ਹੈ।
ਆਰਥਰ ਮੋਰਗਨ ਦੇ ਪਿਤਾ ਰੀਸ ਮੋਰਗਨ ਨੇ ਕਿਹਾ, ‘ਜਦੋਂ ਸਾਨੂੰ ਬੱਚੇ ਦੀ ਬੀਮਾਰੀ ਦੇ ਬਾਰੇ ਵਿਚ ਪਤਾ ਲੱਗਾ ਤਾਂ ਅਸੀਂ ਪੁਰੀ ਤਰ੍ਹਾਂ ਟੁੱਟ ਗਏ ਸੀ। ਉਨ੍ਹਾਂ ਅੱਗੇ ਕਿਹਾ, ‘ਆਰਥਰ ਬ੍ਰਿਟੇਨ ਦਾ ਪਹਿਲਾ ਅਜਿਹਾ ਵਿਅਕਤੀ ਬਣ ਗਿਆ ਹੈ, ਜਿਸ ਨੂੰ ਇਹ ਟ੍ਰੀਟਮੈਂਟ ਦਿੱਤਾ ਗਿਆ ਹੈ। ਅਸੀਂ ਐਨ.ਐਚ.ਐਸ. ਦੇ ਧੰਨਵਾਦੀ ਹਾਂ, ਜਿਸ ਦੀ ਵਜ੍ਹਾ ਨਾਲ ਇਹ ਸੰਭਵ ਹੋ ਸਕਿਆ।’ ਉਮੀਦ ਹੈ ਕਿ ਉਹ ਜਲਦ ਹੀ ਪੂਰੀ ਤਰ੍ਹਾਂ ਠੀਕ ਹੋ ਜਾਏਗਾ।
ਹਾਲਾਂਕਿ ਇਸ ਦੀ ਕੀਮਤ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਕਿਉਂਕਿ ਹਰ ਕਿਸੇ ਲਈ ਇੰਨੇ ਪੈਸੇ ਇਕੱਠੇ ਕਰ ਪਾਉਣਾ ਸੰਭਵ ਨਹੀਂ ਹੈ ਪਰ ਕੰਪਨੀ ਨੂੰ ਲੱਗਦਾ ਹੈ ਕਿ ਕੀਮਤ ਸਹੀ ਹੈ। ਨੋਵਾਰਟਿਸ ਨੇ Zolgensma ਦੀ ਕੀਮਤ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਇਸ ਦੀ ਇਕ ਖ਼ੁਰਾਕ ਹੀ ਲੰਬੇ ਸਮੇਂ ਤੱਕ ਚੱਲਣ ਵਾਲੇ ਇਲਾਜ ਤੋਂ ਜ਼ਿਆਦਾ ਕਾਰਗਰ ਹੈ।