ਚੀਨ ਵਾਂਗ ਬ੍ਰਿਟੇਨ ਗਈਆਂ ਪਾਕਿ ਔਰਤਾਂ ਵੀ ਦੁਖੀ : ਸਰਵੇ

Thursday, Jun 27, 2019 - 02:06 PM (IST)

ਚੀਨ ਵਾਂਗ ਬ੍ਰਿਟੇਨ ਗਈਆਂ ਪਾਕਿ ਔਰਤਾਂ ਵੀ ਦੁਖੀ : ਸਰਵੇ

ਲੰਡਨ (ਬਿਊਰੋ)— ਚੀਨ ਦੇ ਬਾਅਦ ਹੁਣ ਬ੍ਰਿਟੇਨ ਤੋਂ ਵੀ ਪਾਕਿਸਤਾਨੀ ਔਰਤਾਂ ਦੀ ਦਰਦਨਾਕ ਦਾਸਤਾਨ ਸਾਹਮਣੇ ਆਈ ਹੈ। ਪਾਕਿਸਤਾਨ ਤੋਂ ਵਿਆਹ ਕੇ ਬ੍ਰਿਟੇਨ ਲਿਆਾਂਦੀਆਂ ਗਈਆਂ ਸੈਂਕੜੇ ਔਰਤਾਂ ਨੂੰ ਬਿਨਾਂ ਕਿਸੇ ਕਾਰਨ ਵਾਪਸ ਭੇਜ ਦਿੱਤਾ ਗਿਆ ਜਦਕਿ ਉਨ੍ਹਾਂ ਦੇ ਬੱਚੇ ਬ੍ਰਿਟੇਨ ਵਿਚ ਹੀ ਹਨ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸਰਵੇ ਵਿਚ ਪਤਾ ਚੱਲਿਆ ਹੈ ਕਿ ਇਨ੍ਹਾਂ ਔਰਤਾਂ ਨਾਲ ਬ੍ਰਿਟੇਨ ਵਿਚ ਵੱਸਦੇ ਪਾਕਿਸਤਾਨੀ ਪੁਰਸ਼ਾਂ ਨੇ ਵਿਆਹ ਕੀਤਾ ਪਰ ਕੁਝ ਸਾਲਾਂ ਬਾਅਦ ਉਹ ਵਾਪਸ ਪਾਕਿਸਤਾਨ ਚਲੀਆਂ ਗਈਆਂ। 

ਇਕ ਜਾਣਕਾਰੀ ਮੁਤਾਬਕ ਕੁਝ ਮਾਮਲਿਆਂ ਵਿਚ ਔਰਤਾਂ ਛੁੱਟੀ ਜਾਂ ਆਪਣੇ ਬੀਮਾਰ ਰਿਸ਼ਤੇਦਾਰਾਂ ਨੂੰ ਮਿਲਣ ਦੇ ਬਹਾਨੇ ਪਾਕਿਸਤਾਨ ਗਈਆਂ ਅਤੇ ਦੁਬਾਰਾ ਵਾਪਸ ਨਹੀਂ ਪਰਤੀਆਂ। ਵਿਭਿੰਨ ਸਰੋਤਾਂ ਤੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਸਾਲ 2002 ਤੋਂ ਹੁਣ ਤੱਕ ਕਰੀਬ 1,000 ਵਿਆਹੁਤਾ ਔਰਤਾਂ ਪਾਕਿਸਤਾਨ ਗਈਆਂ ਪਰ ਵਾਪਸ ਨਹੀਂ ਪਰਤੀਆਂ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਫਿਲਹਾਲ ਅਜਿਹੀਆਂ ਔਰਤਾਂ ਦੀ ਵਾਪਸੀ 'ਤੇ ਰੋਕ ਲਗਾ ਦਿੱਤੀ ਹੈ। 

ਸਾਹਮਣੇ ਆਈ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਸਪਾਊਸ ਵੀਜ਼ਾ 'ਤੇ ਬ੍ਰਿਟੇਨ ਆਈਆਂ। ਬਾਅਦ ਵਿਚ ਉਨ੍ਹਾਂ ਦੇ ਪਤੀਆਂ ਨੇ ਉਸ ਵੀਜ਼ਾ ਨੂੰ ਰੱਦ ਕਰਵਾ ਦਿੱਤਾ। ਨਤੀਜੇ ਵੱਜੋਂ ਔਰਤਾਂ ਨੂੰ ਵਾਪਸ ਪਾਕਿਸਤਾਨ ਜਾਣਾ ਪਿਆ ਅਤੇ ਵਿਆਹ ਟੁੱਟ ਗਏ। ਬੱਚੇ ਪੈਦਾ ਕਰਨ ਦੀ ਸਮਰੱਥਾ ਗਵਾਉਣ ਦੇ ਬਾਅਦ ਔਰਤਾਂ ਨੂੰ ਇਸ ਤਰ੍ਹਾਂ ਛੱਡੇ ਜਾਣ ਦੇ ਉਦਾਹਰਣ ਵੀ ਸਾਹਮਣੇ ਆਏ ਹਨ। ਲੇਬਰ ਪਾਰਟੀ ਦੇ ਨੇਤਾ ਨਾਜ਼ ਸ਼ਾਹ ਮੁਤਾਬਕ ਗ੍ਰਹਿ ਮੰਤਰਾਲੇ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਘਰੇਲੂ ਹਿੰਸਾ ਅਤੇ ਔਰਤਾਂ ਦੇ ਗੈਰ ਕਾਨੂੰਨੀ ਵਪਾਰ ਦੇ ਰੂਪ ਵਿਚ ਦੇਖਣਾ ਚਾਹੀਦਾ ਹੈ। ਉਨ੍ਹਾਂ ਵਿਵਸਥਾਵਾਂ ਦੇ ਤਹਿਤ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ।


author

Vandana

Content Editor

Related News