ਯੂਕੇ: ਐੱਨ ਆਰ ਆਈ ਏਕਤਾ ਵੱਲੋਂ ਗੁਰਦੁਆਰਾ ਸਾਹਿਬ ਦੇ ਮੰਚ ਤੋਂ ਸੰਗਤਾਂ ਨੂੰ ਹੱਕਾਂ ਲਈ ਡਟਣ ਦਾ ਸੱਦਾ
Friday, Dec 31, 2021 - 03:25 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯੂਕੇ ਦੀ ਧਰਤੀ 'ਤੇ ਨੌਜਵਾਨ ਅਵਤਾਰ ਸਿੰਘ ਦੀ ਅਗਵਾਈ ਵਿੱਚ ਐੱਨ ਆਰ ਆਈ ਏਕਤਾ ਨਾਮ ਦੀ ਸੰਸਥਾ ਦਾ ਆਗਾਜ਼ ਹੋ ਚੁੱਕਾ ਹੈ। ਹੁਣ ਸੰਸਥਾ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੀ ਮੁਹਿੰਮ ਵਿੱਢੀ ਗਈ ਹੈ। ਇਸੇ ਤਹਿਤ ਹੀ ਸਿੰਘ ਸਭਾ ਗੁਰਦੁਆਰਾ ਵਾਲਸਾਲ ਦੇ ਪ੍ਰਬੰਧਕਾਂ ਵੱਲੋਂ ਅਵਤਾਰ ਸਿੰਘ ਨੂੰ ਆਪਣੀ ਗੱਲ ਸੰਗਤਾਂ ਦੇ ਸਨਮੁੱਖ ਰੱਖਣ ਦਾ ਸਮਾਂ ਦਿੱਤਾ ਗਿਆ। ਗੋਪੀ ਸੰਧੂ ਤੇ ਰਾਜ ਧਾਲੀਵਾਲ ਦੇ ਵਡੇਰੇ ਸਹਿਯੋਗ ਨਾਲ ਇਹ ਸਮਾਗਮ ਸੰਭਵ ਹੋ ਸਕਿਆ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਦੇ ਨਵੀਆਂ ਪਾਬੰਦੀਆਂ ਲਗਾਉਣ ਦੀ ਧਮਕੀ 'ਤੇ ਪੁਤਿਨ ਨੇ ਨਤੀਜਿਆਂ ਸਬੰਧੀ ਦਿੱਤੀ ਚਿਤਾਵਨੀ
ਇਸ ਸਮੇਂ ਬੋਲਦਿਆਂ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ ਬਦਲਦੀਆਂ ਰਹੀਆਂ ਪਰ ਪ੍ਰਵਾਸੀ ਵੀਰਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਕਾਇਮ ਹਨ। ਸਿਆਸੀ ਧਿਰਾਂ ਵੱਲੋਂ ਕੀਤੇ ਵਾਅਦੇ ਅਕਸਰ ਹੀ ਵਫਾ ਹੁੰਦੇ ਨਹੀਂ ਦੇਖੇ। ਸਮੱਸਿਆ ਦਾ ਹੱਲ ਕਰਨ ਦੀ ਬਜਾਏ ਇਹ ਦੇਖਿਆ ਜਾਂਦਾ ਹੈ ਕਿ ਪੀੜਤ ਵਿਅਕਤੀ ਕਿਸ ਸਿਆਸੀ ਧਿਰ ਦਾ ਬੰਦਾ ਹੈ ਪਰ ਅਸੀਂ ਨਿਰੋਲ ਲੋਕਾਂ ਦੀ ਸੰਸਥਾ ਬਣ ਕੇ ਵਿਚਰਨ ਦਾ ਫ਼ੈਸਲਾ ਹੀ ਇਸ ਕਰਕੇ ਲਿਆ ਹੈ ਤਾਂ ਕਿ ਹਰ ਕਿਸੇ ਨੂੰ ਸੰਸਥਾ ਨਾਲ ਜੋੜ ਕੇ ਏਕਤਾ ਬਣਾਈ ਜਾ ਸਕੇ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਐੱਨ ਆਰ ਆਈ ਏਕਤਾ ਸੰਸਥਾ ਦਾ ਸਾਥ ਦੇਣ ਤਾਂ ਜੋ ਅਸੀਂ ਆਪਣੀ ਆਵਾਜ ਨੂੰ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ ਸਕਣ ਵਿੱਚ ਕਾਮਯਾਬ ਹੋਈਏ।