ਯੂਕੇ : ਘੱਟੋ ਘੱਟ ਕੌਮੀ ਤਨਖ਼ਾਹ ''ਚ ਹੋਵੇਗਾ ਅਪ੍ਰੈਲ ਤੋਂ ਵਾਧਾ
Thursday, Mar 04, 2021 - 02:23 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਚਾਂਸਲਰ ਰਿਸੀ ਸੁਨਕ ਨੇ ਐਲਾਨ ਕਰਦਿਆਂ ਦੱਸਿਆ ਕਿ ਇਸ ਸਾਲ ਅਪ੍ਰੈਲ ਮਹੀਨੇ ਤੋਂ ਰਾਸ਼ਟਰੀ ਘੱਟੋ ਘੱਟ ਉਜ਼ਰਤ (National Minimum wage) ਮਤਲਬ ਘੱਟੋ ਘੱਟ ਕੌਮੀ ਤਨਖ਼ਾਹ ਵਿੱਚ ਵਾਧਾ ਕੀਤਾ ਜਾਵੇਗਾ। ਬੁੱਧਵਾਰ ਨੂੰ ਕਾਮਨਜ਼ ਵਿੱਚ ਰਿਸ਼ੀ ਸੁਨਕ ਨੇ ਬਜਟ ਪੇਸ਼ ਕਰਦਿਆਂ ਪੁਸ਼ਟੀ ਕੀਤੀ ਕਿ 1 ਅਪ੍ਰੈਲ ਤੋਂ, 23 ਅਤੇ ਇਸ ਤੋਂ ਵੱਧ ਉਮਰ ਦੇ ਕਰਮਚਾਰੀ ਵਧੀ ਹੋਈ ਤਨਖਾਹ ਦੇ ਰੂਪ ਵਿੱਚ ਵਿੱਚ 8.91 ਪੌਂਡ ਪ੍ਰਤੀ ਘੰਟਾ ਪ੍ਰਾਪਤ ਕਰਨਗੇ ਅਤੇ ਉਮਰ ਦੀ ਥ੍ਰੈਸ਼ਹੋਲਡ ਨੂੰ 25 ਤੋਂ ਘੱਟ ਕੇ 23 ਅਤੇ ਇਸਤੋਂ ਵੱਧ ਕਰ ਦਿੱਤਾ ਗਿਆ ਹੈ।
ਮੌਜੂਦਾ ਸਮੇਂ 25 ਸਾਲ ਤੋਂ ਵੱਧ ਉਮਰ ਦੇ ਲੋਕ ਇੱਕ ਘੰਟੇ ਦੇ 8.72 ਪੌਂਡ ਪ੍ਰਾਪਤ ਕਰਦੇ ਹਨ, ਜਦੋਂ ਕਿ 21 ਤੋਂ 24 ਸਾਲ ਦੇ ਵਿਚਕਾਰ 8.20 ਪੌਂਡ ਪ੍ਰਾਪਤ ਕਰਦੇ ਹਨ। ਨਵੇਂ ਨਿਯਮਾਂ ਤਹਿਤ 21 ਤੋਂ 22 ਸਾਲ ਦੇ ਵਿਚਕਾਰ 8.36 ਪੌਂਡ ਅਤੇ 18 ਤੋਂ 20 ਸਾਲ ਦੇ ਕਰਮਚਾਰੀ 6.56 ਪੌਂਡ ਪ੍ਰਾਪਤ ਕਰਨਗੇ। ਇਸ ਦੇ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 4.55 ਤੋਂ ਵੱਧ ਕੇ 4.62 ਪੌਂਡ ਅਤੇ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ 4.15 ਪੌਂਡ ਤੋਂ ਵੱਧ ਕੇ 4.30 ਪੌਂਡ ਮਿਲਣਗੇ। ਚਾਂਸਲਰ ਦੇ ਅਨੁਸਾਰ ਅਪ੍ਰੈਂਟਿਸਸ਼ਿਪਾਂ ਦੇ ਮਾਮਲੇ ਵਿੱਚ ਕਿਸੇ ਵੀ ਉਮਰ ਲਈ ਭੁਗਤਾਨ ਨੂੰ 3,000 ਪੌਂਡ ਤੱਕ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਪੰਜਾਬੀਆਂ ਲਈ ਮਾਣ ਦੀ ਗੱਲ, ਆਸਟ੍ਰੇਲੀਆ 'ਚ ਬਣੇਗਾ ਪਹਿਲਾ ‘ਸਿੱਖ ਸਕੂਲ’
ਇਸ ਦੇ ਨਾਲ ਹੀ ਫਰਲੋ ਸਕੀਮ ਵੀ ਸਤੰਬਰ ਦੇ ਅੰਤ ਤੱਕ ਵਧਾਈ ਜਾਵੇਗੀ। ਸੁਨਾਕ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ਤੋਂ ਲੈ ਕੇ ਤਕਰੀਬਨ 700,000 ਤੋਂ ਵੱਧ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਅਤੇ ਆਰਥਿਕਤਾ ਵੀ 10% ਤੱਕ ਘਟੀ ਹੈ ਜੋ ਕਿ 300 ਸਾਲਾਂ ਤੋਂ ਵੱਧ ਸਮੇਂ ਦੌਰਾਨ ਸਭ ਤੋਂ ਵੱਡੀ ਗਿਰਾਵਟ ਹੈ।
ਨੋਟ- ਯੂਕੇ ਵਿਚ ਕੌਮੀ ਤਨਖ਼ਾਹ ਵਿਚ ਅਪ੍ਰੈਲ ਤੋਂ ਵਾਧੇ ਦਾ ਐਲਾਨ ਸੰਬੰਧੀ ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।