ਯੂਕੇ: ਲਿਵਰਪੂਲ ਗਵਾ ਸਕਦਾ ਹੈ ''ਵਿਸ਼ਵ ਵਿਰਾਸਤ'' ਦਾ ਰੁਤਬਾ

Tuesday, Jun 22, 2021 - 03:24 PM (IST)

ਯੂਕੇ: ਲਿਵਰਪੂਲ ਗਵਾ ਸਕਦਾ ਹੈ ''ਵਿਸ਼ਵ ਵਿਰਾਸਤ'' ਦਾ ਰੁਤਬਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਬਰਤਾਨੀਆ ਦਾ ਇਤਿਹਾਸ ਬਹੁਤ ਵਿਸ਼ਾਲ ਅਤੇ ਅਮੀਰ ਹੈ। ਇਤਿਹਾਸ ਨਾਲ ਸਬੰਧਿਤ ਜ਼ਿਆਦਾਤਰ ਧਰੋਹਰਾਂ ਨੂੰ ਇੱਥੋਂ ਦੀਆਂ ਸਰਕਾਰਾਂ ਨੇ ਸੰਭਾਲ ਕੇ ਰੱਖਿਆ ਹੈ। ਬਰਤਾਨਵੀ ਸ਼ਹਿਰ ਲਿਵਰਪੂਲ ਨੂੰ ਉਸ ਦੇ ਇਤਿਹਾਸ ਅਤੇ ਇਤਿਹਾਸਕ ਥਾਵਾਂ ਕਾਰਨ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ। ਹੁਣ ਇਸ ਉਪਰ ਆਧੁਨਿਕੀਕਰਨ ਕਰਕੇ ਇਸ ਰੁਤਬੇ ਨੂੰ ਗਵਾਉਣ ਲਈ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਸਬੰਧੀ ਯੂਨੈਸਕੋ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਲਿਵਰਪੂਲ ਨੂੰ ਆਪਣਾ ਵਿਸ਼ਵ ਵਿਰਾਸਤ ਦਾ ਦਰਜਾ ਛੱਡ ਦੇਣਾ ਚਾਹੀਦਾ ਹੈ। ਲਿਵਰਪੂਲ ਸ਼ਹਿਰ ਦੇ ਵਾਟਰ ਫਰੰਟ ਦੇ ਆਧੁਨਿਕ ਹੋਣ ਤੋਂ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਲਿਵਰਪੂਲ ਇਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।

ਲਿਵਰਪੂਲ ਦੀ ਸਿਟੀ ਕੌਂਸਲ ਅਨੁਸਾਰ 157 ਵਿਰਾਸਤੀ ਜ਼ਾਇਦਾਦਾਂ ਨੂੰ ਅਪਗ੍ਰੇਡ ਕਰਨ ਲਈ ਲੱਗਭਗ 1.5 ਬਿਲੀਅਨ ਪੌਂਡ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਰੁਤਬੇ ਨੂੰ ਹਟਾਉਣ ਦਾ ਅੰਤਮ ਫੈਸਲਾ ਯੂਨੈਸਕੋ ਦੀ ਅਗਲੇ ਮਹੀਨੇ ਹੋਣ ਵਾਲੀ ਇਕ ਮੀਟਿੰਗ ਵਿਚ ਵਿਸ਼ਵ ਵਿਰਾਸਤ ਸੂਚੀ 'ਚ ਸਾਈਟਾਂ ਦੀ ਪੁਸ਼ਟੀ ਵੇਲੇ ਕੀਤਾ ਜਾਵੇਗਾ। ਵਰਲਡ ਹੈਰੀਟੇਜ ਕਮੇਟੀ ਦੀ ਨਵੀਂ ਰਿਪੋਰਟ ਅਨੁਸਾਰ ਸ਼ਹਿਰ ਵਿਚ ਹੋਏ ਆਧੁਨਿਕੀਕਰਨ ਦੇ ਨਤੀਜੇ ਵਜੋਂ ਵਿਰਾਸਤੀ ਥਾਵਾਂ ਦਾ ਨੁਕਸਾਨ ਹੋਇਆ ਹੈ। ਇਸ ਰਿਪੋਰਟ ਨੇ ਲਿਵਰਪੂਲ ਵਾਟਰਜ਼ ਪ੍ਰੋਜੈਕਟ ਅਤੇ ਬ੍ਰਾਮਲੇ ਮੂਰ ਡੌਕ ਵਿਖੇ ਐਵਰਟਨ ਐਫ. ਸੀ. ਦੇ ਨਵੇਂ ਸਟੇਡੀਅਮ ਲਈ ਮਨਜੂਰ ਯੋਜਨਾਵਾਂ ਦਾ ਹਵਾਲਾ ਦਿੱਤਾ ਹੈ।

ਯੂਕੇ, ਸੱਭਿਆਚਾਰਕ ਤੇ ਵਿਰਾਸਤ ਦੀ ਸੁਰੱਖਿਆ ਵਿਚ ਵਿਸ਼ਵ ਲੀਡਰ ਹੈ ਅਤੇ ਲਿਵਰਪੂਲ ਦੀ ਵਿਸ਼ਵ ਵਿਰਾਸਤ ਦੀ ਸਥਿਤੀ ਦੇਸ਼ ਦੇ ਇਤਿਹਾਸ ਵਿਚ ਸ਼ਹਿਰ ਦੀ ਅਹਿਮ ਭੂਮਿਕਾ ਨੂੰ ਦਰਸਾਉਂਦੀ ਹੈ। ਯੂਕੇ ਸਰਕਾਰ ਇਸ ਰੁਤਬੇ ਨੂੰ ਖੋਹੇ ਜਾਣ ਦੀ ਸਿਫਾਰਸ਼ ਤੋਂ ਨਿਰਾਸ਼ ਹੈ ਅਤੇ ਲਿਵਰਪੂਲ ਦੀ ਮੇਅਰ ਜੋਆਨ ਐਂਡਰਸਨ ਨੇ ਕਮੇਟੀ ਨੂੰ 12 ਮਹੀਨਿਆਂ ਲਈ ਕਿਸੇ ਵੀ ਫੈਸਲੇ ਨੂੰ ਮੁਲਤਵੀ ਕਰਨ ਲਈ ਕਹਿਣ ਦੇ ਨਾਲ ਇਸ ਨੂੰ ਇਕ ਬੇਇਨਸਾਫੀ ਦੱਸਿਆ ਹੈ। ਇਸਦੇ ਇਲਾਵਾ ਲਿਵਰਪੂਲ ਸਿਟੀ ਰੀਜ਼ਨ ਦੇ ਮੇਅਰ ਸਟੀਵ ਰੋਥਰਾਮ ਨੇ ਵੀ ਇਸ ਨੂੰ ਇਕ ਨਿਰਾਸ਼ਾਜਨਕ ਫੈਸਲਾ ਦਸਦਿਆਂ ਕਮੇਟੀ ਨੂੰ ਇਸ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਲਿਵਰਪੂਲ ਨੂੰ ਅੰਤਰਰਾਸ਼ਟਰੀ ਸੱਭਿਆਚਾਰਕ ਸੰਗਠਨ ਵੱਲੋਂ 2004 ਵਿਚ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ ਸੀ। ਜਿਸ ਨੇ ਬ੍ਰਿਟਿਸ਼ ਸਾਮਰਾਜ ਵੇਲੇ ਸ਼ਹਿਰ ਦੇ ਇਤਿਹਾਸ ਅਤੇ ਇਸ ਦੇ ਆਰਟੀਟੈਕਚਰ ਸਥਾਨਾਂ ਦੇ ਮੱਦੇਨਜ਼ਰ ਇਸ ਨੂੰ ਮਾਨਤਾ ਦਿੱਤੀ ਸੀ।


author

cherry

Content Editor

Related News