ਯੂਕੇ: ਕੈਂਟ ਸ਼ਰਨਾਰਥੀ ਪਨਾਹਘਰ ਨੂੰ ਬੰਦ ਕਰਨ ਦਾ ਪ੍ਰੀਤੀ ਪਟੇਲ ''ਤੇ ਵਧਿਆ ਦਬਾਅ
Sunday, Jan 24, 2021 - 02:53 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਕੈਂਟ ਵਿੱਚ ਸਾਬਕਾ ਸੈਨਿਕਾਂ ਨਾਲ ਸੰਬੰਧਿਤ ਸਥਾਨ ਨੂੰ ਸ਼ਰਨਾਰਥੀਆਂ ਲਈ ਅਸਥਾਈ ਰਿਹਾਇਸ਼ ਘਰ ਬਣਾਇਆ ਗਿਆ ਹੈ। ਇਸ ਥਾਂ 'ਤੇ ਸਰਕਾਰ ਦੁਆਰਾ ਲਗਭਗ 400 ਪਨਾਹਗੀਰਾਂ ਨੂੰ ਰੱਖਿਆ ਗਿਆ ਹੈ। ਇਸ ਖੇਤਰ ਵਿੱਚ ਫੋਕੇਸਟੋਨ ਦੇ ਨੇਪੀਅਰ ਸੈਨਿਕ ਬੈਰਕਾਂ ਵਿੱਚ ਰਹਿ ਰਹੇ ਸੈਂਕੜੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਸ ਪਨਾਹਘਰ ਵਿੱਚ ਮਿਲਦੀਆਂ ਸਹੂਲਤਾਂ ਪ੍ਰਤੀ ਚਿੰਤਾ ਹੈ। ਇਸ ਦੇ ਇਲਾਵਾ ਇੱਥੇ ਮੌਜੂਦ ਵਿਅਕਤੀਆਂ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਇਹਨਾਂ ਨਜ਼ਰਬੰਦੀਆਂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਕੀਤਾ ਹੈ।
ਇਸ ਸਹੂਲਤ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਇਸ ਮਹੀਨੇ ਦੇ ਸ਼ੁਰੂ ਵਿੱਚ ਬਹੁਤ ਸਾਰੇ ਵਸਨੀਕਾਂ ਵੱਲੋਂ ਭੁੱਖ ਹੜਤਾਲ ਵੀ ਕੀਤੀ ਗਈ ਸੀ ਪਰ ਹੁਣ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਪਨਾਹਘਰ ਨੂੰ ਬੰਦ ਕਰਨ ਦੀ ਮੰਗ ਉੱਠੀ ਹੈ। ਜਿਸ ਲਈ ਇੱਕ ਸੰਸਥਾ "ਫ੍ਰੀਡਮ ਫਾਰ ਟੌਰਚਰ" ਦੁਆਰਾ ਇੱਕ ਪਟੀਸ਼ਨ ਰਾਹੀ ਕੈਂਟ ਅਤੇ ਵੇਲਜ਼ ਵਿਚਲੀਆਂ ਬੈਰਕਾਂ ਨੂੰ ਖਾਲੀ ਅਤੇ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ਤੇ ਦੋ ਦਿਨਾਂ ਤੋਂ ਵੀ ਘੱਟ ਸਮੇਂ ਵਿਚ 10,000 ਤੋਂ ਵੱਧ ਦਸਤਖ਼ਤ ਕੀਤੇ ਗਏ ਹਨ। ਇਸ ਦੇ ਇਲਾਵਾ ਨੈਪੀਅਰ ਬੈਰਕਾਂ ਵਿਖੇ ਰਹਿ ਰਹੇ ਸ਼ਰਨਾਰਥੀਆਂ ਵੱਲੋਂ ਵੀ ਇੱਕ ਪੱਤਰ ਜਿਸ ਵਿੱਚ 200 ਤੋਂ ਜ਼ਿਆਦਾ ਵਸਨੀਕਾਂ ਦੁਆਰਾ ਦਸਤਖ਼ਤ ਕੀਤੇ ਗਏ ਹਨ, ਨੂੰ ਇੱਕ ਚੈਰਿਟੀ ਸੰਸਥਾ ਦੁਆਰਾ ਸਾਂਝਾ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਸਪੂਤਨਿਕ ਵੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ
ਇਸ ਪੱਤਰ ਰਾਹੀਂ ਇਸ ਪਨਾਹਘਰ ਵਿੱਚ ਤਕਰੀਬਨ 120 ਵਸਨੀਕਾਂ ਦੇ ਕੋਰੋਨਾ ਪ੍ਰਭਾਵਿਤ ਹੋਣ ਦੀ ਗੱਲ ਕਰਦਿਆਂ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਅਤੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਿਲਪ ਨੂੰ ਸਾਈਟ ਦੀ ਸਥਿਤੀ ਬਾਰੇ ਦੱਸ ਕੇ ਬੰਦ ਕਰਨ ਦੀ ਅਪੀਲ ਕੀਤੀ ਹੈ। ਜਦਕਿ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਿਲਪ ਅਨੁਸਾਰ ਸਰਕਾਰ ਸ਼ਰਨਾਰਥੀਆਂ ਦੀ ਦੇਖਭਾਲ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਅਤੇ ਪਨਾਹ ਲੈਣ ਵਾਲੇ ਮਾਈਗ੍ਰਾਂਟ ਹੈਲਪ ਦੁਆਰਾ ਚਲਾਈ ਜਾਂਦੀ 24/7 ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।