ਬ੍ਰਿਟੇਨ ''ਚ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਜ਼ੁਰਮ ''ਚ ਭਾਰਤੀ ਸ਼ਖਸ ਨੂੰ ਉਮਰਕੈਦ

Thursday, Sep 17, 2020 - 06:29 PM (IST)

ਬ੍ਰਿਟੇਨ ''ਚ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਜ਼ੁਰਮ ''ਚ ਭਾਰਤੀ ਸ਼ਖਸ ਨੂੰ ਉਮਰਕੈਦ

ਲੰਡਨ (ਭਾਸ਼ਾ): ਬ੍ਰਿਟੇਨ ਵਿਚ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਜ਼ੁਰਮ ਵਿਚ ਭਾਰਤੀ ਮੂਲ ਦੇ 23 ਸਾਲਾ ਵਿਅਕਤੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਕਤਲ ਦੇ ਬਾਅਦ ਉਸ ਨੇ ਖੁਦ ਥਾਣੇ ਜਾ ਕੇ ਆਪਣਾ ਜ਼ੁਰਮ ਕਬੂਲ ਕੀਤਾ ਸੀ। ਜਿਗੁ ਕੁਮਾਰ ਸੋਰਥੀ ਨੂੰ ਘੱਟੋ-ਘੱਟ 28 ਸਾਲ ਜੇਲ ਦੀਆਂ ਸਲਾਖਾਂ ਦੇ ਪਿੱਛੇ ਕੱਟਣੇ ਪੈਣਗੇ, ਜਿਸ ਦੇ ਬਾਅਦ ਪੈਰੋਲ 'ਤੇ ਵਿਚਾਰ ਕੀਤਾ ਜਾਵੇਗਾ।

ਉਸ ਨੂੰ 21 ਸਾਲਾ ਭਾਵਿਨੀ ਪ੍ਰਵੀਨ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੇ ਮਾਰਚ ਵਿਚ ਲੀਸੈਸਟਰ ਸਥਿਤ ਪ੍ਰਵੀਨ ਦੇ ਘਰ ਵਿਚ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਲੀਸੈਸਟਰ ਕ੍ਰਾਊਨ ਅਦਾਲਤ ਵਿਚ ਸੁਣਵਾਈ ਕਰਦਿਆਂ ਨਿਆਂਮੂਰਤੀ ਟਿਮੋਥੀ ਸਪੈਂਸਰ ਨੇ ਸੋਰਥੀ ਨੂੰ ਕਿਹਾ,''ਇਹ ਇਕ ਭਿਆਨਕ, ਬੇਰਹਿਮੀ ਨਾਲ ਕੀਤਾ ਗਿਆ ਕਤਲ ਸੀ। ਤੁਸੀਂ ਇਕ ਖੂਬਸੂਰਤ, ਪ੍ਰਤਿਭਾਸ਼ਾਲੀ ਅਤੇ ਘੱਟ ਉਮਰ ਦੀ ਬੀਬੀ ਦੀ ਜਾਨ ਲੈ ਲਈ, ਜੋ ਸਿਰਫ 21ਸਾਲ ਦੀ ਸੀ।'' 

ਇਸ ਮਹੀਨੇ ਦੇ  ਸ਼ੁਰੂ ਵਿਚ ਕਤਲ ਦੇ ਮੁਕੱਦਮੇ ਦੇ ਦੌਰਾਨ ਜੂਰੀ ਨੂੰ ਦੱਸਿਆ ਗਿਆ ਕਿ ਪ੍ਰਵੀਨ ਨੇ ਸੋਰਥੀ ਨਾਲ ਵਿਆਹ ਨਾ ਕਰਨ ਦਾ ਮਨ ਬਣਾਇਆ ਸੀ ਜਿਸ ਦੇ ਬਾਅਦ ਉਹ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਸੀ। ਉਹ 2 ਮਾਰਚ ਨੂੰ ਪ੍ਰਵੀਨ ਦੇ ਘਰ ਗਿਆ ਅਤੇ ਉਸ 'ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ। ਇਸ ਦੇ ਬਾਅਦ ਉਹ ਘਰੋਂ ਭੱਜ ਗਿਆ। ਘਟਨਾ ਦੇ ਬਾਅਦ ਪੁਲਸ ਅਤੇ ਐਂਬੂਲੈਂਸ ਕਰਮੀਆਂ ਨੂੰ ਬੁਲਾਇਆ ਗਿਆ ਪਰ ਉਹਨਾਂ ਨੇ ਬੀਬੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੇ ਕਰੀਬ 2 ਘੰਟੇ ਬਾਅਦ ਸੋਰਥੀ ਸਿਪਨੀ ਹਿਲ ਥਾਣੇ ਦੇ ਬਾਹਰ ਇਕ ਅਧਿਕਾਰੀ ਦੇ ਕੋਲ ਪਹੁੰਚਿਆ ਅਤੇ ਪ੍ਰਵੀਨ ਦੇ ਕਤਲ ਦਾ ਜ਼ੁਰਮ ਕਬੂਲ ਕਰ ਲਿਆ।


author

Vandana

Content Editor

Related News